(ਨਵਾਬ ਸੁਲਤਾਨਪੁਰ, ਮੱਕੇ ਦੇ ਕਾਜ਼ੀ, ਹਰਦਵਾਰ ਦੇ ਪੰਡਤ ਅਤੇ ਕੁਰਖੇਤਰ ਦੇ ਪਾਂਡੇ ਸਭ ਲੋਕ ਗੁਰੂ ਜੀ ਦੀ ਦਲੇਰੀ ਅਤੇ ਵਾਕਿਆਤ ਦੇ ਨਿਰਭੈ ਗਿਆਨ ਤੇ ਦਲੀਲ ਵੇਖ ਕੇ ਉਨ੍ਹਾਂ ਅੱਗੇ ਸਿਰ ਨਿਵਾਉਂਦੇ ਸਨ।)
ਪੰਡਤਾਂ ਤੇ ਮੌਲਵਆਂ ਉਤੇ ਦਿਗ-ਬਿਜੈ ਤਦ ਹੀ ਕਰ ਸਕਦੇ ਸਨ ਜੇਕਰ ਉਹ ਆਪ ਉਨ੍ਹਾਂ ਪਾਸੋਂ ਵਧੇਰੇ ਵਿਦਵਾਨ ਹੋਣ ਅਤੇ ਨਿਰੀਆਂ ਸੁਣੀਆਂ ਸੁਣਾਈਆਂ ਗੱਲਾਂ ਦਾ ਆਸਰਾ ਲੈਣ ਦੀ ਥਾਂ ਖੋਜ ਭਰੀਆਂ ਗੱਲਾਂ ਕਰ ਸੱਕਣ।
ਗੁਰੂ ਜੀ ਦੀ ਆਪਣੀ ਬਾਣੀ ਦੀ ਰਚਨਾ ਤੇ ਖਿਆਲਾਂ ਉਤੇ ਵਿਚਾਰ ਕਰਕੇ ਵੇਖੀਏ ਤਾਂ ਭੀ ਮੰਨਣਾ ਪਏਗਾ ਕਿ ਗੁਰੂ ਜੀ ਦੀ ਵਿਦਵਤਾ ਬਹੁ ਉੱਚ ਅਤੇ ਬਾਕਾਇਦਾ ਸੀ। ਇਕ ਜਪੁਜੀ ਤੇ ਆਸਾ ਦੀ ਵਾਰ ਦੀਆਂ ਪਉੜੀਆਂ ਦੀ ਸਿਲਸਿਲੇਵਾਰ ਰਚਨਾ ਅਤੇ ਉਨ੍ਹਾਂ ਵਿਚ ਦੇ ਖ਼ਿਆਲ ਦੀ ਲੜੀ ਨੂੰ ਹੀ ਲੈ ਕੇ ਦੇਖੋ, ਤਾਂ ਗੁਰੂ ਜੀ ਦੀ ਵਿਦਵਤਾ ਦਾ ਸਿੱਕਾ ਮੰਨਣਾ ਪਏਗਾ। "ਮਨਿ ਜੀਤੈ ਜਗੁ ਜੀਤੁ" "ਸਚੁ ਪੁਰਾਣਾ ਹੋਵੇ ਨਾਹੀਂ", "ਸਤੁ ਸੁਹਾਣੁ ਸਦਾ ਮਨਿ ਚਾਉ", "ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆਂ ਤਤੁ", ਆਦਿ ਤੁਕਾਂ ਦੀ ਬਨਾਵਟ ਤੇ ਖ਼ਿਆਲ ਹੀ ਦੱਸਦੇ ਹਨ ਕਿ ਕਿਸੇ ਆਲਮ ਤੇ ਸਾਹਿੱਤ ਦੇ ਜਾਣੂ ਦੇ ਲਿਖੇ ਹੋਏ ਹਨ।
"ਨਾਨਕ ਮੇਰ ਸਰੀਰ ਕਾ, ਇਕ ਰਥੁ ਇਕੁ ਰਥਵਾਹੁ! ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ" (ਆਸਾ ਦੀ ਵਾਰ)। ਇਨ੍ਹਾਂ ਤੁਕਾਂ ਵਿਚ ਜੋ ਰਥ ਦਾ ਜ਼ਿਕਰ ਆਇਆ ਹੈ, ਉਸ ਨੂੰ ਪੁਰਾਣੀਆਂ ਪੁਸਤਕਾਂ ਦੇ ਪੜ੍ਹੇ ਹੋਏ ਗਿਆਨੀ ਹੀ ਸਮਝ ਸਕਦੇ ਹਨ। ਮਸਲਨ, "ਮਲਿੰਦਾ ਪਨਹਾ" ਵਿਚ ਤੇ "ਕਾਠੋਪਨਿਸ਼ਦ" ਵਿਚ ਸਰੀਰ ਨੂੰ ਰਥ ਨਾਲ ਤਸ਼ਬੀਹ ਦਿੱਤੀ ਹੈ। ਰਥ ਤੇ ਰਥਵਾਨ ਦਾ ਜੁਗ ਜੁਗ ਅਨੁਸਾਰ ਵਟਾਣ ਵਾਲਾ ਖ਼ਿਆਲ ਭੀ ਵਿਦਵਾਨ ਲੋਕ ਹੀ ਸਮਝਾ ਸਕਦੇ ਹਨ।
ਇਹੋ ਜਿਹੇ ਸੈਂਕੜੇ ਸ਼ਬਦ ਹਨ, ਜਿਨ੍ਹਾਂ ਤੋਂ ਮਾਲੂਮ ਹੁੰਦਾ ਹੈ ਕਿ ਗੁਰੂ ਜੀ ਨੂੰ ਹਿੰਦੂ ਮੱਤ ਦੀਆਂ ਪੁਸਤਕਾਂ ਦੀ ਪੂਰੀ-ਪੂਰੀ ਵਾਕਫ਼ੀ ਸੀ।
"ਸਿਧ ਗੋਸਟਿ" ਆਦਿ ਬਾਣੀਆਂ, ਜੋ ਜੋਗੀਆਂ ਪ੍ਰਤੀ ਉਚਾਰਣ ਹੋਈਆਂ, ਇਤਨੇ ਗੂੜ੍ਹ ਭਾਵਾਂ ਵਾਲੀਆਂ ਹਨ ਅਤੇ ਉਨ੍ਹਾਂ ਵਿਚ ਕਿਤਾਬੀ ਖਿਆਲਾਂ ਵੱਲ ਇਤਨੇ ਇਸ਼ਾਰੇ ਹਨ ਕਿ ਵਿਦਵਾਨ ਪੁਰਸ਼ ਤੋਂ ਬਿਨਾਂ ਉਨ੍ਹਾਂ ਨੂੰ ਕੋਈ ਸਮਝ ਨਹੀਂ ਸਕਦਾ।