ਹਨ, ਪਰ ਕੰਢੇ ਕੋਲ ਆ ਕੇ ਓਹੋ ਉਛਾਲੇ ਕੇਵਲ ਨਿੱਕੇ-ਨਿੱਕੇ ਪਾਣੀ ਵਟ ਜਿਹੇ ਰਹਿ ਜਾਂਦੇ ਹਨ, ਤਿਵੇਂ ਹੀ ਮਨੁੱਖ ਜਵਾਨੀ ਵਿਚ ਗੱਜ ਕੇ ਹੱਸਦਾ ਹੈ, ਪਰ ਜਿਉਂ ਜਿਉਂ ਉਸ ਦੀ ਉਮਰ ਮੌਤ ਦੇ ਕੰਢੇ ਵਲ ਵਧਦੀ ਹੈ, ਤਿਉਂ-ਤਿਉਂ ਉਸਦਾ ਹਾਸਾ ਲੋਪ ਹੋ ਕੇ ਕੇਵਲ ਹੋਠਾਂ ਅਤੇ ਅੱਖਾਂ ਦੀਆਂ ਗੁੱਠਾਂ ਵਿਚ ਮਾੜੇ ਮਾੜੇ ਵਟ ਜਿਹੇ ਰਹਿ ਜਾਂਦੇ ਹਨ। ਸੰਸਾਰ ਦੇ ਇਤਿਹਾਸ ਵਿਚ ਭੀ ਸ਼ੁਰੂ-ਸ਼ੁਰੂ ਵਿਚ ਹਾਸਾ ਵਧੇਰੇ ਸੀ, ਪਰ ਹੁਣ ਜਿਉਂ-ਜਿਉਂ ਸਮਾਂ ਗੁਜ਼ਰਦਾ ਜਾਂਦਾ ਹੈ, ਤਿਉਂ-ਤਿਉਂ ਹਾਸੇ ਦੀ ਥਾਂ ਕੇਵਲ ਮੁਸਕਾਣਾ ਹੀ ਰਹਿ ਗਿਆ ਹੈ।
ਲੋਕੀਂ ਪਾਰਟੀਆਂ ਉੱਤੇ ਮਿਲਦੇ ਹਨ ਤਾਂ ਮੁਸਕਰਾਉਂਦੇ ਹਨ, ਸਗੋਂ ਮੁਸਕਰਾਉਣਾ ਇੰਨਾ ਵਧ ਗਿਆ ਹੈ ਕਿ ਬਹੁਤ ਸਾਰਾ ਤਾਂ ਦੰਭ ਹੀ ਹੁੰਦਾ ਹੈ। ਦਿਲੋਂ ਭਾਵੇਂ ਆਦਮੀ ਕੁੜ੍ਹਦਾ ਹੀ ਹੋਵੇ, ਪਰ ਮਿਲਣ ਵੇਲੇ ਐਉਂ ਦੰਦੀਆਂ ਕੱਢ ਕੇ ਮਿਲਦਾ ਹੈ ਕਿ ਸਿੱਧੇ ਸਾਦੇ ਆਦਮੀ ਨੂੰ ਵੇਖ ਕੇ ਹਾਸਾ ਹੀ ਆ ਜਾਂਦਾ ਹੈ, ਪਰ ਵਿਚਾਰਾ ਆਸ-ਪਾਸ ਵੇਖ ਕੇ ਡਰ ਦੇ ਮਾਰਿਆਂ ਅਵਾਜ਼ ਨਹੀਂ ਕੱਢਦਾ ਕਿ ਕਿਤੇ ਲੋਕੀਂ ਮੂਰਖ ਨਾ ਆਖਣ। ਪਾਰਟੀਆਂ ਵਿਚ ਤਾਂ ਭਲਾ ਬਹੁਤ ਆਦਮੀ ਹੁੰਦੇ ਹਨ, ਇਸ ਲਈ ਹੱਸਣਾ ਮਨ੍ਹਾ ਹੀ ਸਹੀ, ਪਰ ਅਨਰਥ ਇਹ ਹੈ ਕਿ ਬਾਹਰ ਬਜ਼ਾਰ ਵਿਚ, ਜਾਂ ਰਾਹ ਪੈਂਡੇ ਜਿਥੇ ਦੋ ਸੱਜਣ ਆਪਣੇ ਮੇਲੀ ਮਿੱਤਰ ਹੀ ਮਿਲਣ, ਉਥੇ ਭੀ ਖਿੜਖਿੜਾ ਕੇ ਹੱਸਣੋਂ ਰੁਕਦੇ ਹਨ।
ਇਸ ਦੇ ਦੋ ਕਾਰਣ ਹਨ: ਇਕ ਇਹ ਕਿ ਲੋਕਾਂ ਦੇ ਦਿਮਾਗ਼ ਇਤਨੇ ਕਮਜ਼ੋਰ ਹੋ ਗਏ ਹਨ ਕਿ ਉੱਚੀ ਆਵਾਜ਼ ਸਹਿ ਨਹੀਂ ਸਕਦੇ, ਦੂਜੇ ਇਹ ਕਿ ਮੁਸਕ੍ਰਾਉਣਾ ਸਿਆਣਪ ਦੀ ਨਿਸ਼ਾਨੀ ਗਿਣਿਆ ਜਾਂਦਾ ਹੈ। ਜਦ ਗੁਰੂ ਨਾਨਕ ਸਾਹਿਬ ਨੂੰ ਉਨ੍ਹਾਂ ਦਾ ਭਣਵਈਆ, ਭਾਈ ਜੈ ਰਾਮ, ਲੋਧੀ ਨਵਾਬ ਪਾਸ ਨੌਕਰੀ ਦਿਵਾਣ ਲਈ ਲਿਆਇਆ, ਤਾਂ ਸਾਖੀ ਵਿਚ ਲਿਖਿਆ ਹੈ ਕਿ ਗੁਰੂ ਜੀ ਮੁਸਕਰਾਏ। ਇਹ ਵੇਖ ਕੇ ਨਵਾਬ ਕਹਿਣ ਲੱਗਾ, "ਨਾਨਕ ਭਲਾ ਤੇ ਸਿਆਣਾ ਮਲੂਮ ਹੁੰਦਾ ਹੈ।" ਹੋਰ ਭੀ ਵੱਡੇ ਵੱਡੇ ਪੀਰ ਪੈਗੰਬਰ ਲੋਕਾਂ ਦੀ ਮੂਰਖਤਾ ਨੂੰ ਵੇਖ ਕੇ ਜਾਂ ਮਨ ਦੀਆਂ ਡੂੰਘਿਆਈਆਂ ਤੋਂ ਨਿਕਲੇ ਹੋਏ ਗੁੱਝੇ ਵਿਗਾਸ ਦੇ ਕਾਰਣ ਮਸਕ੍ਰਾਉਂਦੇ ਦੱਸੇ ਗਏ ਹਨ, ਇਸ ਲਈ ਲੋਕੀਂ ਭੀ ਸਿਆਣਾ ਤੇ ਗੰਭੀਰ ਅਖਵਾਣ ਦੇ ਚਾਅ ਵਿਚ ਮੁਸਕ੍ਰਾਣ ਦੀ ਆਦਤ ਪਾ ਰਹੇ ਹਨ। ਕੋਈ ਦਿਨ ਆਵੇਗਾ ਕਿ ਹਾਸਾ ਸੰਸਾਰ ਤੋਂ ਬਿਲਕੁਲ ਲੋਪ ਹੋ ਜਾਵੇਗਾ। ਇਸ ਦੇ ਨਾਲ