ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੌਜੂਦਾ ਸਮੇਂ ਦੇ ਸਿਆਣੇ ਇਸ ਨੂੰ ਮਨ ਜਿੱਡੀ ਉੱਚੀ ਰੱਬੀ ਦਾਤ ਸਮਝਦੇ ਤੇ ਇਸ ਨੂੰ ਉਸੇ ਤਰ੍ਹਾਂ ਚੰਗੀ ਹਾਲਤ ਵਿਚ ਰਖਣਾ ਜੀਵਨ ਸਫਲਤਾ ਲਈ ਜ਼ਰੂਰੀ ਖ਼ਿਆਲ ਕਰਦੇ ਹਨ। ਸਰੀਰਕ ਤੋਰ ਤੇ ਹਰ ਇਕ ਦੀ ਇਹੋ ਕਾਰ ਰਹਿੰਦੀ ਹੈ ਕਿ ਸਦਾ ਨੌਜਵਾਨ ਬਣੇ ਰਹੀਏ, ਅਤੇ ਖੇਡ ਕੁਦ ਕੇ ਇਸ ਨੂੰ ਖਿੜਾਉ ਵਿਚ ਰਖੀਏ।

ਪੂਰਣਤਾ ਲਈ ਜਿਵੇਂ ਸਰੀਰ ਦਾ ਹੁਲਾਰੇ ਵਿਚ ਰਹਿਣਾ ਜ਼ਰੂਰੀ ਹੈ ਤਿਵੇਂ ਹੀ ਮਨ ਦਾ। ਜਿਵੇਂ ਸਰੀਰ ਦੇ ਅਰੋਗ ਤੇ ਖੁਸ਼ ਹੋਣ ਨਾਲ ਮੂੰਹ ਉਤੋਂ ਤੀਉੜੀਆਂ ਵਟ ਦੂਰ ਹੋ ਕੇ ਹਾਸਾ ਜਾਂ ਮੁਸਕ੍ਰਾਹਟ ਆ ਜਾਂਦੀ ਹੈ, ਤਿਵੇਂ ਮਨ ਦੇ ਖਿੜਨ ਨਾਲ ਅੰਦਰੋ ਅੰਦਰ ਇਕ ਹੁਲਾਰਾ ਪੈਦਾ ਹੁੰਦਾ ਹੈ, ਜਿਸ ਨੂੰ 'ਹਾਸ-ਰਸ' ਕਹਿੰਦੇ ਹਨ। ਇਹ ਅੰਦਰ ਦਾ ਗੁਣ ਹੈ, ਜਿਸ ਦੀ ਹੋਂਦ ਬਾਹਰਵਾਰ ਹਸਣ, ਕੂਕਣ ਜਾਂ ਮੁਸਕ੍ਰਾਹਟ ਦੀ ਸ਼ਕਲ ਵਿਚ ਪਰਗਟ ਹੁੰਦੀ ਹੈ। ਪਰ ਇਹ ਬਾਹਰ ਦੇ ਚਿੰਨ੍ਹ ਕਦੀ ਨਹੀਂ ਵੀ ਦਿਸਦੇ। ਇਸ ਲਈ ਇਸ ਨੂੰ ਬਿਆਨ ਕਰਕੇ ਸਮਝਾਉਣਾ ਔਖਾ ਹੈ। ਇਤਨਾ ਕਹਿ ਸਕਦੇ ਹਾਂ ਕਿ ਸਾਡੇ ਦਿਲ ਵਿਚ ਕਿਸੇ ਚੀਜ਼ ਦੀਆਂ ਦੋ ਉਲਟੀਆਂ ਹਾਲਤਾਂ ਦੇ ਟਕਰਾਉਣ ਨਾਲ ਜੋ ਚਮਤਕਾਰ ਪੈਦਾ ਹੁੰਦਾ ਹੈ। ਉਹ ਹਾਸ-ਰਸ ਹੈ। ਮਸਲਨ ਇਕ ਨੰਗੇ ਪਿੰਡ ਵਾਲੇ ਜਾਂਗਲੀ ਨੂੰ ਸਿਰ ਤੇ ਟੋਪ ਧਾਰਿਆ ਵੇਖ ਕੇ ਹਸ ਪਈਦਾ ਹੈ। ਕਿਉਂ? ਇਸ ਲਈ ਕਿ ਜਿਸ ਜਾਂਗਲੀ ਨੂੰ ਅਸੀਂ ਸਦਾ ਨੰਗੇ ਪਿੰਡੇ ਦੇਖਦੇ ਹਾਂ ਅਜ ਇਕ ਹੋਰ ਤੇ ਉਲਟੀ ਹਾਲਤ ਵਿਚ ਦਿਸਦਾ ਹੈ। ਇਨ੍ਹਾਂ ਦੋਹਾਂ ਹਾਲਤਾਂ ਦੇ ਟਾਕਰੇ ਤੋਂ ਇਕ ਖੁਸ਼ੀ ਤੇ ਪ੍ਰਵਾਨਗੀ ਦੀ ਝਰਨਾਟ ਛਿੜਦੀ ਹੈ ਜਿਸ ਨਾਲ ਅਸੀਂ ਹਸ ਪੈਂਦੇ ਹਾਂ। ਇਸ ਤਰ੍ਹਾਂ ਜੇ ਪਜਾਮੇ ਨੂੰ ਸਿਰ ਤੇ ਪੱਗ ਵਾਂਗ ਬੰਨ੍ਹ ਲਈਏ, ਜਾਂ ਕੁਰਸੀ ਨੂੰ ਸਿਰ ਤੇ ਚੁੱਕ ਕੇ ਬਹਿ ਜਾਈਏ, ਤਾਂ ਇਹ ਅਣਮਿਲ ਹਾਲਤ ਹਾਸੇ ਵਾਲੀ ਬਣ ਜਾਂਦੀ ਹੈ।

ਇਹ ਅਣਮੇਲ ਦੇ ਤਰ੍ਹਾਂ ਦਾ ਹੁੰਦਾ ਹੈ। ਇਕ ਕਿਸੇ ਕੰਮ ਜਾਂ ਮੌਕੇ ਦਾ ਤੇ ਦੂਜਾ ਜ਼ਬਾਨ ਜਾਂ ਲਿਖਤ ਦਾ। ਉੱਤੇ ਦੱਸੀਆਂ ਮਿਸਾਲਾਂ ਅਸਲੀ ਹਾਸੇ ਦੀਆਂ ਹਨ। ਪੁਰਾਣੇ ਜ਼ਮਾਨੇ ਵਿਚ ਜਾਂ ਆਮ ਲੋਕਾਂ ਵਿਚ ਮਖੌਲ ਕਰਨੀ ਦਾ ਹੁੰਦਾ ਸੀ। ਇਸ ਵਿਚ ਜ਼ਬਾਨ ਨਹੀਂ ਵਰਤੀ ਜਾਂਦੀ, ਸਗੋਂ ਕਿਸੇ ਚੀਜ਼ ਨੂੰ ਵਿਗਾੜ

੧੯