ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁੰਦੇ ਹਨ। ਪਰ ਉਸ ਦੇ ਜੀਵਨ ਦੇ ਹਾਲਾਤ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਉਹ ਬੜਾ ਖੁਸ਼-ਦਿਲ ਸੀ, ਅਤੇ ਉਸ ਨੂੰ 'ਉਦਾਸ ਮਨੁੱਖ' ਕਹਿਣਾ ਉਸ ਦੀ ਹੱਤਕ ਕਰਨਾ ਹੈ। ਜਿਹੜਾ ਬਚਿਆਂ ਨਾਲ ਪਿਆਰ ਕਰ ਕੇ ਖੇਡ ਸਕਦਾ ਹੈ, ਉਹ ਕਿਵੇਂ ਸ਼ੋਕਾਤੁਰ ਹੋ ਸਕਦਾ ਹੈ? ਉਸਨੇ ਤਾਂ ਸਗੋਂ ਇਹ ਕਿਹਾ ਹੈ ਕਿ ਆਸਮਾਨ ਦੀ ਬਾਦਸ਼ਾਹਤ ਹੀ ਉਹਨਾਂ ਦੀ ਹੈ ਜੋ ਬੱਚਿਆਂ ਵਾਕਰ ਬਾਲ-ਬੁਧਿ ਹੋ ਕੇ ਰਹਿੰਦੇ ਹਨ। ਈਸਾ ਦਾ ਹਾਸਾ ਬੜਾ ਕੋਮਲ ਜਿਹਾ ਹੁੰਦਾ ਸੀ ਜੋ ਬਰੀਕ ਤਬੀਅਤ ਵਾਲੇ ਹੀ ਸਮਝ ਸਕਦੇ ਸਨ। ਇਕ ਵੇਰ ਉਸ ਦੇ ਵੈਰੀ ਇਕ ਤੀਵੀਂ ਨੂੰ ਫੜ ਕੇ ਉਸ ਦੇ ਪਾਸ ਲਿਆਏ, ਤੇ ਆਖਣ ਲਗੇ 'ਲੈ ਭਾਈ! ਤੂੰ ਕਹਿੰਦਾ ਸੈਂ ਮੈਂ ਤੁਹਾਡਾ ਬਾਦਸ਼ਾਹ ਹਾਂ। ਬਾਦਸ਼ਾਹ ਲੋਕ ਨਿਆਂ ਕੀਤਾ ਕਰਦੇ ਹਨ। ਤੂੰ ਭੀ ਨਿਆਂ ਕਰ। ਇਹ ਤੀਵੀਂ ਬਦਚਲਨੀ ਕਰਦੀ ਫੜੀ ਹੈ। ਇਸ ਨੂੰ ਕੀ ਦੰਡ ਦਈਏ?" ਈਸਾ ਨੇ ਕਿਹਾ——'ਤੁਹਾਡੀ ਧਰਮ ਪੁਸਤਕ ਕੀ ਕਹਿੰਦੀ ਹੈ?' ਕਹਿਣ ਲਗੇ ਕਿ ਇਸ ਅਪ੍ਰਾਧ ਵਾਲੀ ਇਸਤਰੀ ਨੂੰ ਪੱਥਰ ਮਾਰ ਮਾਰ ਕੇ ਮਾਰ ਦੇਣਾ ਚਾਹੀਦਾ ਹੈ। ਈਸਾ ਨੇ ਕਿਹਾ, 'ਠੀਕ ਹੈ ਤੁਹਾਡੇ ਵਿਚੋਂ ਜਿਸ ਕਿਸੇ ਨੇ ਪਾਪ ਨਹੀਂ ਕੀਤਾ ਉਹ ਇਸ ਨੂੰ ਪਹਿਲਾ ਪੱਥਰ ਮਾਰ ਕੇ ਆਪਣੇ ਹੱਥ ਸਫਲ ਕਰੇ।' ਇਹ ਸੁਣ ਕੇ ਸਾਰੇ ਇਕ ਇਕ ਕਰਕੇ ਖਿਸਕ ਗਏ ਅਤੇ ਈਸਾ ਹੋਰੀ ਮੁਸਕਰਾਉਂਦੇ ਰਹਿ ਗਏ। ਕੌਣ ਕਹਿ ਸਕਦਾ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਵਿਚ ਹਾਸ-ਰਸ ਨਹੀਂ ਸੀ?

ਹਜ਼ਰਤ ਮੁਹੰਮਦ ਸਾਹਿਬ ਬਾਬਤ ਤਾਂ ਜ਼ਰੂਰ ਲੋਕੀਂ ਖ਼ਿਆਲ ਕਰਦੇ ਹਨ ਕਿ ਉਹ ਹਾਸਰਸ ਤੋਂ ਖ਼ਾਲੀ ਸਨ ਬਲਕਿ ਉਹਨਾਂ ਬਾਬਤ ਇਹੋ ਜਿਹੀਆਂ ਰਵਾਇਤਾਂ ਦਸੀਆਂ ਜਾਂਦੀਆਂ ਹਨ ਕਿ ਉਹਨਾਂ ਵਿਚ ਬਹੁਤ ਗੁੱਸਾ ਸੀ, ਜਦ ਉਹ ਜੋਸ਼ ਨਾਲ ਵਾਹਜ਼ ਕਰਦੇ ਸਨ, ਤਾਂ ਉਹਨਾਂ ਦੇ ਮਥੇ ਦੀ ਨਾੜ ਉਭਰ ਆਉਂਦੀ ਸੀ। ਪਰ ਜਿਹੜੇ ਉਹਨਾਂ ਦੇ ਜੀਵਨ ਨੂੰ ਵਧੇਰੇ ਗਹੁ ਨਾਲ ਵਿਚਾਰਦੇ ਹਨ, ਉਹਨਾਂ ਨੂੰ ਮੁਹੰਮਦ ਸਾਹਿਬ ਬੜੇ ਤਰਸਵਾਨ, ਕੋਮਲ ਅਤੇ ਹਸਮੁਖ ਦਿਸ ਆਉਂਦੇ ਹਨ। ਜਿਹੜਾ ਆਦਮੀ ਵਡੀ ਉਮਰ ਵਿਚ ਜਾ ਕੇ ਛੋਟੀ ਉਮਰ ਦੀ ਬਾਲੜੀ ਨਾਲ ਵਿਆਹ ਕਰ ਸਕਦਾ ਅਤੇ ਉਸ ਨੂੰ ਖੁਸ਼ ਰੱਖ ਸਕਦਾ ਹੈ, ਉਹ ਜ਼ਰੂਰ ਖੁਸ਼-ਦਿਲ ਹੋਣਾ ਹੈ। ਕਹਿੰਦੇ

੩੨