ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਨ ਕਿ ਹਜ਼ਰਤ ਆਇਸ਼ਾ ਨਾਲ ਬੱਚਿਆਂ ਵਾਕਰ ਦੋੜਦੇ ਅਤੇ ਤਾੜੀ ਵਜਾਉਂਦੇ ਸਨ। ਆਹਾ! ਉਹ ਕਿਹਾ ਸੋਹਣਾ ਨਜ਼ਾਰਾ ਹੋਣਾ ਹੈ ਜਦੋਂ ਹਜ਼ਰਤ ਮੁਹੰਮਦ ਸਾਹਿਬ ਆਪਣਿਆਂ ਦੋਹਤਿਆਂ ਲਈ ਜ਼ਿਮੀਂ ਉਤੇ ਦੂਹਰੇ ਹੋ ਕੇ ਘੋੜਾ ਬਣਦੇ ਸਨ ਤਾਕਿ ਬਾਲਕ ਉਹਨਾਂ ਦੀ ਪਿੱਠ ਤੇ ਸਵਾਰੀ ਕਰਨ। ਇਕ ਵਾਰੀ ਕਹਿੰਦੇ ਹਨ ਕਿ ਹਜ਼ਰਤ ਮੁਹੰਮਦ ਸਾਹਿਬ ਅਤੇ ਹਜ਼ਰਤ ਅਲੀ ਖਜੂਰਾਂ ਖਾਣ ਬੈਠੇ। ਦੋਹਾਂ ਦੇ ਵਿਚਕਾਰ ਮੈਚ ਹੋ ਪਿਆ। ਦੋਵੇ ਬਿਦ ਬਿਦ ਕੇ ਖਜੂਰਾਂ ਖਾਣ ਲਗੇ ਅਤੇ ਖਾ ਖਾ ਕੇ ਗਿਟਕਾਂ ਦੇ ਢੇਰ ਲਾਣ ਲਗੇ। ਛੇਕੜ ਗਿਟਕਾਂ ਗਿਣ ਕੇ ਪਤਾ ਲਗਣਾ ਸੀ ਕਿ ਕਿਸ ਨੇ ਖਜੂਰਾਂ ਵਧੇਰੇ ਖਾਧੀਆਂ। ਮੁਹੰਮਦ ਸਾਹਿਬ ਅੱਖ ਬਚਾ ਕੇ ਮਲਕੜੇ ਜਹੇ ਆਪਣੀ ਗਿਟਕ ਅਲੀ ਦੇ ਢੇਰ ਉਤੇ ਰੱਖ ਦਿੰਦੇ। ਇਸ ਤਰ੍ਹਾਂ ਕਰਦਿਆਂ ਅਲੀ ਦਾ ਢੇਰ ਵਧਦਾ ਗਿਆ ਅਤੇ ਮੁਹੰਮਦ ਸਾਹਿਬ ਵਾਲੇ ਪਾਸੇ ਥੋੜ੍ਹੀਆਂ ਜਹੀਆਂ ਗਿਟਕਾਂ ਦਿਸਣ ਲਗੀਆਂ। ਅੰਤ ਜਦ ਮੈਚ ਖਤਮ ਹੋਇਆ ਤਾਂ ਮੁਹੰਮਦ ਸਹਿਬ ਨੇ ਹੱਸ ਕੇ ਪੁਛਿਆ, 'ਅਲੀ ਖਜੂਰਾਂ ਕਿਸ ਨੇ ਵਧੇਰੇ ਖਾਧੀਆਂ?' ਅਲੀ ਆਖਣ ਲੱਗਾ, 'ਜੀ! ਉਸ ਨੇ ਵਧੇਰੇ ਖਾਧੀਆਂ ਜਿਹੜਾ ਗਿਟਕਾਂ ਸਮੇਤ ਖਾਈ ਗਿਆ।'

ਸਿਖ ਗੁਰੂ ਸਾਹਿਬਾਨ ਵਿਚ ਭੀ ਹਾਸ-ਰਸ ਚੋਖਾ ਸੀ। ਉਹ ਗੁਰੂ ਹੋਣ ਦੇ ਬਾਵਜੂਦ ਖੁਸ਼-ਰਹਿਣੇ ਪੰਜਾਬੀ ਵੀ ਸਨ। ਪੰਜਾਬੀ ਖਾਸ ਤੌਰ ਤੇ ਅਰੋਗ ਜੁਸੇ ਤੇ ਨਰੋਈ ਜਵਾਨ ਤਬੀਅਤ ਵਾਲਾ ਹੁੰਦਾ ਹੈ। ਇਸੇ ਲਈ ਸਰ ਸਯਦ ਨੇ ਉਸ ਨੂੰ 'ਜ਼ਿੰਦਾ-ਦਿਲ' ਕਿਹਾ ਹੈ। ਉਸ ਨੂੰ ਖ਼ਿਆਲ ਦੀਆਂ ਗੁੰਝਲਾਂ ਨਾਲ ਇੰਨਾ ਵਾਸਤਾ ਨਹੀਂ ਪੈਂਦਾ, ਜਿੰਨਾ ਕਿ ਅਮਲੀ ਕੰਮਾਂ ਨਾਲ। ਉਹ ਸਦਾ ਚੜ੍ਹਦੀਆਂ ਕਲਾਂ ਵਿਚ ਰਹਿੰਦਾ ਹੈ। ਉਹ ਦੇ ਹਾਸ-ਰਸ ਵਿਚ ਭੀ ਇਹੋ ਗੁਣ ਪਾਏ ਜਾਂਦੇ ਹਨ। ਇਹ ਰਸ ਨਰੋਆ, ਆਸਵੰਦ ਅਤੇ ਅਮਲੀ ਜ਼ਿੰਦਗੀ ਵਾਲਾ ਹੁੰਦਾ ਹੈ। ਇਸ ਦੇ ਵਿਚ ਖ਼ਿਆਲੀ ਚਲਾਕੀਆ ਜਾਂ ਲਫਜ਼ੀ ਹੇਰਾ-ਫੇਰੀਆਂ ਨਹੀਂ ਹੁੰਦੀਆਂ। ਇਹ ਅਮਲੀ ਜ਼ਿੰਦਗੀ ਵਿਚੋਂ ਨਿਕਲਦਾ ਅਤੇ ਅਮਲੀ ਕੰਮਾਂ ਵਿਚ ਹਾਜ਼ਰ ਹੁੰਦਾ ਹੈ। ਲਫ਼ਜ਼ ਲੋੜ ਅਨੁਸਾਰ ਥੋੜ੍ਵੇ ਅਤੇ ਸਾਦੇ ਹੁੰਦੇ ਹਨ। ਜਿਵੇਂ ਜਲ੍ਹਣ ਦਾ ਅਖਾਣ: ‘ਜਲ੍ਹਿਆ! ਰੱਬ ਦਾ ਕੀ ਪਾਵਣਾ। ਐਧਰੋਂ ਪੁਟਣਾ ਤੇ ਓਧਰ ਲਾਵਣਾ।' ਜਾਂ 'ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਲ ਵਾਹਿਆ। ਬੁਢੇ ਹੋਏ ਮਾਲਾ ਫੇਰੀ, ਰੱਬ ਦਾ ਉਲਾਂਭਾ ਲਾਹਿਆ।'

੩੩