ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹੋ ਜਹੀ ਹਾਸ-ਰਸ ਵਾਲੀ ਤਬੀਅਤ ਸ੍ਰੀ ਗੁਰੂ ਨਾਨਕ ਜੀ ਦੀ ਸੀ। ਦੁਨੀ ਚੰਦ ਇਕ ਧਨਾਢ ਨੂੰ ਸੂਈ ਦੇ ਕੇ ਕਹਿੰਦੇ ਹਨ ਕਿ ਇਹ ਸੂਈ ਮੇਰੇ ਲਈ ਅਗਲੇ ਜਹਾਨ ਲੈ ਚਲੋ ਉਥੇ ਆ ਕੇ ਮੈਂ ਤੁਹਾਥੋਂ ਲੈ ਲਵਾਂਗਾ। ਉਹਨਾਂ ਵਿਚ ਇਹ ਰਸ ਨਾਟਕੀ ਢੰਗ ਨਾਲ ਪ੍ਰਗਟ ਹੁੰਦਾ ਸੀ। ਇਕ ਦਿਨ ਗੁਰੂ ਜੀ ਹਰਦੁਆਰ ਜਾ ਨਿਕਲੇ। ਓਥੇ ਗੰਗਾ ਵਿਚ ਖੜੇ ਕਈ ਹਿੰਦੂ ਚੜ੍ਹਦੇ ਪਾਸੇ ਵਲ ਪਾਣੀ ਸੁਟਦੇ ਦੇਖੇ। ਗੁਰੂ ਜੀ ਨੂੰ ਮੌਜ ਆਈ ਤੇ ਉਹ ਲਹਿੰਦੇ ਵਲ ਛੱਟੇ ਮਾਰਨ ਲਗ ਪਏ। ਲੋਕਾਂ ਪੁਛਿਆ 'ਇਹ ਕੀ ਕਰ ਰਹੇ ਹੋ?' ਗੁਰੂ ਜੀ ਅੱਗੋਂ ਪੁਛਣ ਲਗੇ, ਤੁਸੀਂ ਕੀ ਕਰ ਰਹੇ ਹੋ?' ਲੋਕਾਂ ਕਿਹਾ: 'ਅਸੀਂ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ।' ਬਾਬਾ ਜੀ ਨੇ ਕਿਹਾ: 'ਅਸੀਂ ਕਰਤਾਰਪੁਰ ਵਿਚ ਆਪਣੀਆਂ ਖੇਤੀਆਂ ਨੂੰ ਪਾਣੀ ਦੇ ਰਹੇ ਹਾਂ।' ਸਵਾਲ ਹੋਇਆ ‘ਕਰਤਾਰਪੁਰ ਇਥੋਂ ਕਿਤਨੀ ਦੂਰ ਹੈ?' ਉੱਤਰ 'ਤਿੰਨ ਕੁ ਸੌ ਮੀਲ!’ ‘ਫੇਰ ਤੁਹਾਡਾ ਪਾਣੀ ਕਿਵੇਂ ਪੁੱਜ ਸਕਦਾ ਹੈ?’ ਤੇ ‘ਤੁਹਾਡੇ ਪਿਤਰਾਂ ਨੂੰ ਕਿਵੇਂ ਪੁੱਜ ਸਕਦਾ ਹੈ, ਜੋ ਅਗਲੇ ਜਹਾਨ ਵਿਚ ਬੈਠੇ ਸੁਣੀਂਦੇ ਹਨ?' ਇਹੋ ਜਿਹਾ ਹੀ ਨਾਟਕੀ ਮਖੌਲ ਵਰਤਕੇ ਗੁਰੂ ਜੀ ਨੇ ਮੱਕੇ ਵਾਲਿਆਂ ਨੂੰ ਅਮਲੀ ਸਿੱਖਿਆ ਦਿੱਤੀ ਕਿ ਰੱਬ ਦਾ ਘਰ ਕਿਸੇ ਖ਼ਾਸ ਪਾਸੇ ਵਲ ਨਹੀਂ ਹੁੰਦਾ।

ਬਗ਼ਦਾਦ ਵਿਚ ਬਾਂਗ ਦੇ ਕੇ ਇਹੋ ਜਿਹਾ ਕੋਤਕ ਵਰਤਾਇਆ। ਇਕ ਵੇਰ ਮਕਰਾਨ ਵਲ ਜਾਂਦਿਆਂ ਰਸਤੇ ਵਿਚ ਇਕ ਪਿੰਡ ਦੇ ਮੁੰਡੇ ਇਕੱਠੇ ਹੋ ਕੇ ਨਚਦੇ ਤੇ ਕੁਦਦੇ ਵੇਖੇ। ਇਹੋ ਜਹੀ ਮਾਸੂਮ ਖੁਸ਼ੀ ਦਾ ਨਜ਼ਾਰਾ ਵੇਖ ਕੇ ਗੁਰੂ ਜੀ ਕੋਲੋਂ ਰਿਹਾ ਨਾ ਗਿਆ, ਅਤੇ ਆਪਣੀ ਬੁਢੀਲ ਸੰਜੀਦਰੀ ਦਾ ਜੁੱਲਾ ਲਾਹ ਕੇ ਝਟ ਪਟ ਉਨ੍ਹਾਂ ਮੁੰਡਿਆਂ ਦੀ ਟੋਲੀ ਨਾਲ ਰਲ ਪਏ ਅਤੇ ਰੱਜ ਕੇ ਨੱਚੇ ਤੇ ਗਿੱਧਾ ਪਾਇਆ। ਇਨ੍ਹਾਂ ਮੌਕਿਆਂ ਤੇ ਜਦੋਂ ਗੁਰੂ ਜੀ ਬਾਹਰ ਜਾਂਦੇ ਸਨ ਤਾਂ ਪਹਿਰਾਵਾ ਭੀ ਅਜੀਬ ਜਿਹਾ ਕਰ ਲੈਂਦੇ ਸਨ: ਗਲ੍ਹ ਵਿਚ ਖਫ਼ਣੀ ਤੇ ਹੱਡੀਆਂ ਦੀ ਮਾਲਾ, ਲੱਕ ਵਿਚ ਚੰਮ ਦੀ ਤਹਿਮਤ ਤੇ ਕੱਛ ਵਿਚ ਕੂਫ਼ਾ ਤੇ ਮੁਸੱਲਾ।

ਇਹ ਭੀ ਲੋਕਾਂ ਦੇ ਤਰ੍ਹਾਂ-ਤਰ੍ਹਾਂ ਦੇ ਭੇਖਾਂ ਦੀ ਮਿਲ-ਗੋਭਾ ਨਕਲ ਸੀ, ਜਿਸ ਤੋਂ ਭਾਵ ਉਨ੍ਹਾਂ ਨੂੰ ਹਾਸ-ਰਸ ਦੇ ਰਾਹੀਂ ਠੀਕ ਕਰਨਾ ਸੀ। ਗੁਰੂ ਜੀ ਨੂੰ ਜ਼ਿੰਦਗੀ ਦੀ ਸਾਧਾਰਣ ਰਹਿਣੀ-ਬਹਿਣੀ ਛੱਡ ਕੇ ਕਈ ਤਰ੍ਹਾਂ ਦੇ ਉਸ਼ਟੰਡ ਖੜੇ ਕਰਨ ਵਾਲੀ ਫ਼ਕੀਰੀ ਚੰਗੀ ਨਹੀਂ ਲਗਦੀ ਸੀ। ਜਦ ਉਹ ਵੇਖਦੇ ਸਨ ਕਿ ਕਈ ਲੋਕ———

੩੪