ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੰਗਾ ਦੀਨ

ਮੈਂ ਉਸ ਨੂੰ ਨਿਕਿਆਂ ਹੁੰਦਿਆਂ ਤੋਂ ਜਾਣਦਾ ਸਾਂ, ਕਿਉਂਕਿ ਉਹ ਮੇਰੇ ਭਾਈਏ ਹੋਰਾਂ ਜੋਗੇ ਬੂਟ ਬਣਾਉਂਦਾ ਹੁੰਦਾ ਸੀ। ਉਹ ਅੰਮ੍ਰਿਤਸਰ ਵਿਚ ਸ਼ੇਰ ਸਿੰਘ ਦੇ ਕਟੜੇ ਵਿਚ ਇਕ ਦੁਕਾਨ ਵਿਚ ਕੰਮ ਕਰਦਾ ਹੁੰਦਾ ਸੀ। ਇਹ ਹੱਟੀ ਦੋ ਹੱਟੀਆਂ ਮਿਲਾ ਕੇ ਇਕ ਬਣੀ ਹੋਈ ਸੀ। ਹੁਣ ਤਾਂ ਇਹ ਬਜ਼ਾਰ ਬੜਾ ਉਜਾੜ ਜਿਹਾ ਹੈ ਤੇ ਘਟ ਵਧ ਹੀ ਕਈ ਇਧਰੋਂ ਲੰਘਦਾ ਹੈ, ਪਰ ਕਦੇ ਉਥੇ ਬੜੀ ਰੌਣਕ ਹੁੰਦੀ ਸੀ।

ਇਹ ਅਨੋਖੀ ਤਰ੍ਹਾਂ ਦਾ ਦੁਕਾਨਦਾਰ ਸੀ। ਇਸ ਦੀ ਹੱਟੀ ਉਤੇ ਕੋਈ ਵੱਡਾ ਸਾਰਾ ਸਾਈਨ-ਬੋਰਡ ਨਹੀਂ ਸੀ ਲੱਗਾ ਹੋਇਆ। ਨਾ ਉਹ ਕਿਸੇ ਦਾ ਚੀਫ ਏਜੰਟ ਸੀ। ਨਾ ਉਸ ਨੇ ਕਿਤੇ ਇਹ ਲਿਖਿਆ ਸੀ ਕਿ ਉਸ ਦੇ ਬਣਾਏ ਬੂਟ ਸਰਕਾਰ ਖਰੀਦਦੀ ਹੈ। ਨਾ ਹੀ ਕੋਈ ਸ਼ੀਸ਼ਿਆਂ ਵਾਲੀਆਂ ਅਲਮਾਰੀਆਂ ਰਖ ਕੇ ਉਨ੍ਹਾਂ ਵਿਚ ਰੰਗ-ਬਰੰਗੇ ਬੂਟ ਸਜਾਏ ਹੋਏ ਸਨ। ਨਾ ਭਾਂਤ ਭਾਂਤ ਦੇ ਡੱਬੇ ਦਿਸਦੇ ਸਨ। ਹੱਟੀ ਲਭਣ ਵਾਲਿਆਂ ਦੀ ਅਗਵਾਈ ਲਈ ਉਥੇ ਇਕ ਨਿਸ਼ਾਨੀ ਸੀ———ਉਸਨੇ ਇਕ ਗੱਤੇ ਉਤੇ ਆਪੇ ਹੀ ਕੇਵਲ ਆਪਣਾ ਨਾਂ 'ਗੰਗਾ ਦੀਨ' ਲਿਖ ਕੇ ਧਾਗੇ ਨਾਲ ਬੂਹੇ ਤੇ ਲਟਕਾ ਛਡਿਆ ਸੀ। ਇਹ ਭੀ ਉਸ ਨੇ ਡਾਕੀਏ ਤੇ ਹੋਰ ਕਈ ਇਕ ਗਾਹਕਾਂ ਦੇ ਕਹਿਣ ਤੇ ਕੀਤਾ ਸੀ।

ਹੱਟੀ ਦੇ ਵਧਵੇਂ ਫੱਟੇ ਉਤੇ ਦੀ ਇਕ ਬਾਲਟੀ ਤੇ ਲੋਹੇ ਦੀ ਇਕ ਪੁਰਾਣੀ ਕੁਰਸੀ ਪਈ ਰਹਿੰਦੀ ਸੀ। ਜਾਂ ਉਥੇ ਦੋ ਜੋੜੇ ਪੁਰਾਣੇ ਬੂਟਾਂ ਦੇ ਸਜੇ ਹੁੰਦੇ ਸਨ। ਮੈਂ ਸਾਰੀ ਉਮਰ ਉਹੀ ਦੋ ਜੋੜੇ ਉਥੇ ਪਏ ਵੇਖਦਾ ਰਿਹਾ, ਕਿਉਂਕਿ ਉਹ ਵਾਧੂ ਜੋੜੇ ਬਣਾਉਂਦਾ ਹੀ ਨਹੀਂ ਸੀ। ਉਹ ਕੇਵਲ ਸਾਈ ਦੇ ਜੋੜੇ ਬਣਾਉਂਦਾ ਸੀ। ਉਹ ਇਉਂ ਨਹੀਂ ਸੀ ਕਰਦਾ ਕਿ ਐਵੇਂ ਬੂਟ ਬਣਾ ਬਣਾ

੫੩