ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੇ ਬਹਿ ਕੇ ਮੇਰੇ ਖੱਬੇ ਬੂਟ ਨੂੰ ਉਥੋਂ ਹੀ ਨੱਪਿਆ ਜਿਥੋਂ ਉਹ ਲੱਗਦਾ ਸੀ ਤੇ ਕਹਿਣ ਲੱਗਾ, 'ਇਹ ਬੂਟ ਤੁਹਾਨੂੰ ਇਥੋਂ ਲੱਗਦਾ ਹੈ। ਇਨ੍ਹਾਂ ਵੱਡੀਆਂ ਦੁਕਾਨਾਂ ਨੂੰ ਆਪਣੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਹੁੰਦੀ।' ਫਿਰ ਉਹ ਕਿੰਨਾ ਚਿਰ ਹੀ ਬੋਲਦਾ ਰਿਹਾ। ਸਾਰੀ ਜ਼ਿੰਦਗੀ ਵਿਚ ਇਹ ਪਹਿਲਾ ਤੇ ਅਖੀਰੀ ਸਮਾਂ ਸੀ ਜਦ ਮੈਂ ਉਸ ਨੂੰ ਬੂਟਾਂ ਦੇ ਕੰਮ ਤੇ ਵਪਾਰ ਦੀਆਂ ਔਖਿਆਈਆਂ ਬਾਬਤ ਵਿਚਾਰ ਕਰਦਿਆਂ ਸੁਣਿਆ। ਉਹ ਫਿਰ ਬੋਲਿਆ, 'ਉਹ ਇਸ਼ਤਿਹਾਰ ਕਰ ਕਰ ਕੇ ਗਾਹਕ ਫਸਾ ਲੈਂਦੇ ਹਨ। ਪੈਸੇ ਵੀ ਦੰਗੇ ਮੁਛਦੇ ਹਨ। ਕੰਮ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ। ਮੈਨੂੰ ਭੀ ਇਕ ਦੋ ਦੁਕਾਨਾਂ ਵਾਲਿਆਂ ਆਖਿਆ ਹੈ ਕਿ ਸਾਨੂੰ ਬੂਟ ਬਣਾ ਕੇ ਦੇ ਦਿਆ ਕਰ, ਪਰ ਮੈਥੋਂ ਬਜ਼ਾਹੀ ਕੰਮ ਨਹੀਂ ਕਰ ਹੁੰਦਾ। ਅਸੀਂ ਆਖਦੇ ਹਾਂ ਥੋੜ੍ਹਾ ਕਰੋ, ਪਰ ਸੋਹਣਾ ਕਰੋ। ਉਹ ਕਹਿੰਦੇ ਹਨ, ਅਸਾਂ ਪੈਸੇ ਕੱਠੇ ਕਰਨੇ ਹਨ। ਸਾਨੂੰ ਕੀ ਭਾਵੇਂ ਬੂਟ ਰਾਹ ਵਿਚ ਹੀ ਟੁੱਟ ਜਾਵੇ? ਉਹ ਏਥੇ ਆਉਂਦੇ ਹਨ ਤੇ ਸਦਾ ਸਸਤਾ-ਮੇਲ ਚੀਜ਼ ਬਣਾਉਣ ਲਈ ਕਹਿੰਦੇ ਹਨ, ਪਰ ਨਾਲ ਇਹ ਆਖਦੇ ਹਨ ਕਿ ਬਾਹਰੋਂ ਬੜਾ ਚਮਕਦਾ ਹੋਵੇ। ਉਨ੍ਹਾਂ ਦੀ ਤਾਂ ਉਹ ਗੱਲ ਹੈ ਪਈ ਲਾਗੀਆਂ ਲਾਗ ਲੈ ਲੈਣਾ ਏ, ਪਰਾਈ ਧੀ ਭਾਵੇਂ ਘਰ ਜਾਂਦਿਆਂ ਹੀ ਰੰਡੀ ਬਹਿ ਜਾਏ।'

ਸਾਤੋਂ ਤਾਂ ਜੀ ਇਹ ਨਹੀਂ ਹੁੰਦਾ, ਅਸੀਂ ਤਾਂ ਚੀਜ਼ ਚੰਗੀ ਬਣਾਉਂਦੇ ਹਾਂ। ਚੰਗੀ ਚੀਜ਼ ਦਾ ਗਾਹਕ ਅੱਜ ਕਲ੍ਹ ਬੜਾ ਘੱਟ ਹੈ ਪਰ ਉਹ ਜਾਣੇ! ਸਾਨੂੰ ਇਹੀ ਬੜੀ ਖੁਸ਼ੀ ਹੈ ਕਿ ਅਸੀਂ ਚੀਜ਼ ਮਿਹਨਤ ਨਾਲ ਬਣਾਈ ਹੈ। ਏਨ੍ਹਾਂ ਲੋਕਾਂ ਨੇ ਰੱਦੀ ਚੀਜ਼ਾਂ ਦੇ ਕੇ ਭਾੱ ਭੀ ਬੜੇ ਘਟਾ ਛੱਡੇ ਹਨ। ਚੰਗੀ ਚੀਜ਼ ਉਸ ਲੇਖੇ ਪੁੱਗਦੀ ਨਹੀਂ। ਪਰ ਕੀ ਕਰੀਏ?'

ਜਦ ਉਹ ਇਹ ਗੱਲਾਂ ਕਰ ਰਿਹਾ ਸੀ ਤਾਂ ਮੈਂ ਉਸ ਦੇ ਚਿਹਰੇ ਤੇ ਉਹ ਕੁਝ ਵੇਖਿਆ ਜੋ ਅੱਗੇ ਕਦੇ ਨਹੀਂ ਸੀ ਵੇਖਿਆ। ਮੈਂ ਦੇਖਿਆ ਕਿ ਉਹ ਦੁਖੀ ਹੈ। ਉਹ ਅਚਨਚੇਤ ਅੱਜ ਮੈਨੂੰ ਅੱਗੇ ਨਾਲੋਂ ਕਈ ਗੁਣਾ ਵਧੇਰੇ ਬੁੱਢਾ ਜਾਪਿਆ, ਮੈਨੂੰ ਪਤਾ ਲੱਗਾ ਕਿ ਉਸ ਵਿਚਾਰੇ ਨੂੰ ਕੰਮ ਕਰਨ ਦੀ ਖੁਸ਼ੀ ਕਿੰਨੀ ਮਹਿੰਗੀ ਪੈਂਦੀ ਹੈ।

ਮੈਂ ਉਸ ਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਦੱਸਿਆ ਕਿ ਕਿਨ੍ਹਾਂ ਹਾਲਤਾਂ ਵਿੱਚ ਮੈਨੂੰ ਉਹ ਬਜ਼ਾਰੀ ਬੂਟ ਖਰੀਦਣਾ ਪਿਆ ਸੀ। ਤਾਂ ਭੀ ਉਸ ਦੇ ਚਿਹਰੇ ਤੇ ਉਸ ਦੇ ਬੋਲਣ ਨੇ ਮੇਰੇ ਉਤੇ ਇੰਨਾ ਅਸਰ ਪਾਇਆ ਕਿ ਉਨ੍ਹਾਂ ਕੁਝ ਮਿੰਟਾਂ ਵਿਚ ਮੈਂ ਕਈ

੫੮