ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਦੇ ਇਸ਼ਤਿਹਾਰ ਨਹੀਂ ਸੀ ਕੀਤਾ। ਉਹ ਚਮੜਾ ਬੜਾ ਕੀਮਤੀ ਵਰਤਦਾ ਸੀ, ਤੇ ਸਾਰਾ ਕੰਮ ਆਪਣੀ ਹੱਥੀਂ ਕਰਦਾ ਸੀ। ਭਲਾ ਅੱਜ ਕੱਲ ਏਦਾਂ ਗੁਜ਼ਾਰਾ ਹੁੰਦਾ ਪਿਆ ਹੈ?' ਮੈਂ ਕਿਹਾ, 'ਠੀਕ ਹੈ।'

ਉਹ ਜਵਾਨ ਫੇਰ ਬੋਲਿਆ——'ਸੱਚ ਜਾਣਨਾ ਉਹ ਬੂਟ ਬਣਾਉਣ ਵਿਚ ਦਿਨ ਰਾਤ ਇਕ ਕਰ ਛੱਡਦਾ ਸੀ। ਮਰਦੇ ਦਮ ਤੋੜੀ ਵਿਚਾਰਾ ਆਪਣੇ ਕੰਮ ਲੱਗਾ ਰਿਹਾ ਹੈ। ਉਸ ਨੂੰ ਖਾਣ ਪੀਣ ਦੀ ਤੇ ਆਪਣੇ ਆਪ ਦੀ ਕੋਈ ਸੋਝੀ ਹੀ ਨਹੀਂ ਸੀ ਰਹਿੰਦੀ। ਘਰ ਵਿਚ ਵਿਚਾਰੇ ਦੇ ਭੁੱਖ ਨੰਗ ਹੀ ਸੀ। ਸਾਰੀ ਵਟਕ ਕਿਰਾਏ ਤੇ ਚਮੜੇ ਵਿਚ ਹੀ ਰੁੜ੍ਹ ਜਾਂਦੀ ਸੀ। ਪਤਾ ਨਹੀਂ ਉਹ ਏਨੇ ਵਰ੍ਹੇ ਵੀ ਕਿਵੇਂ ਜੀਂਦਾ ਰਿਹਾ? ਉਹ ਬੜਾ ਹੀ ਅਨੋਖਾ ਆਦਮੀ ਸੀ। ਬੂਟ ਤਾਂ ਡਾਢੇ ਸੋਹਣੇ ਤੇ ਪੱਕੇ ਬਣਾਉਂਦਾ ਸੀ ਅਤੇ ਬੇਈਮਾਨੀ ਦਾ ਨਾਂ ਨਹੀਂ ਸੀ ਜਾਣਦਾ।'

ਮੈਂ ਕਿਹਾ, 'ਹਾਂ ਬੂਟ ਡਾਢੇ ਪੱਕੇ ਹੰਢਣਸਾਰ ਤੇ ਸੋਹਣੇ ਬਣਾਉਂਦਾ ਸੀ।' ਮੈਂ ਛੇਤੀ ਨਾਲ ਉਥੋਂ ਮੁੜ ਪਿਆ, ਤੇ ਬਾਹਰ ਆ ਗਿਆ; ਕਿਉਂਕਿ ਮੈਂ ਨਹੀਂ ਸਾਂ ਚਾਹੁੰਦਾ ਜੋ ਉਹ ਗੱਭਰੂ ਮੇਰੀਆਂ ਅੱਖਾਂ ਵਿਚ ਉਤਰ ਰਹੇ ਅੱਥਰੂ ਵੇਖ ਲਵੇ।

੬੩