ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਾਸ ਕਰਕੇ ਉਨ੍ਹਾਂ ਦੇਸ਼ਾਂ ਨੂੰ ਦੇਖਿਆ ਜਾਵੇ ਜਿਨ੍ਹਾਂ ਨੂੰ ਨਵੇਂ ਜ਼ਮਾਨੇ ਦੀ ਹਵਾ ਲੱਗੀ ਹੈ, ਤਾਂ ਉਥੇ ਇਸ ਤਰੱਕੀ ਦੇ ਨਿਸ਼ਾਨ ਮਿਲਣਗੇ। ਮਸਲਨ ਇਗਲੈਂਡ, ਅਮਰੀਕਾ, ਫਰਾਂਸ ਆਦਿ ਮੁਲਕਾਂ ਵਿਚ ਲੋਕਾਂ ਦੀ ਸਰੀਰਕ ਰੱਖਿਆ ਦੇ ਪ੍ਰਬੰਧ ਅੱਗੇ ਨਾਲੋਂ ਬਹੁਤ ਚੰਗੇ ਹਨ ਇਸ ਲਈ ਨਾ ਕੇਵਲ ਅਰੋਗਤਾ ਵਿਚ ਉੱਨਤੀ ਹੋ ਰਹੀ ਹੈ, ਬਲਕਿ ਸਰੀਰਕ ਸੁੰਦਰਤਾ ਵਿਚ ਭੀ ਵਾਧਾ ਹੋ ਰਿਹਾ ਹੈ। ਪਿੰਡ ਦੀ ਇਕ ਸਾਧਾਰਨ ਮੁਟਿਆਰ ਆਪਣੇ ਰੂਪ ਵਿਚ ਪੁਰਾਣੇ ਜ਼ਮਾਨੇ ਦੀਆਂ ਮਸ਼ਹੂਰ ਸੁੰਦਰੀਆਂ ਨਾਲੋਂ ਬਿਹਤਰ ਹੋਵੇਗੀ। ਇਹ ਗੱਲ ਨੌਜਵਾਨ ਮਰਦਾਂ ਦੇ ਰੂਪ ਬਾਬਤ ਕਹਿ ਸਚਦੇ ਹਾਂ।

ਦਿਮਾਗੀ ਤੌਰ ਤੇ ਵਿਦਿਆ ਦੇ ਚਾਨਣੇ ਨੇ ਲੋਕਾਂ ਨੂੰ ਬਹੁਤ ਉੱਨਤ ਕਰ ਦਿਤਾ ਹੈ। ਨਾ ਸਿਰਫ਼ ਆਮ ਵਾਕਫੀ ਵਿਚ ਵਾਧਾ ਹੋਇਆ ਹੈ, ਸਗੋਂ ਦਿਮਾਗ ਵਧੇਰੇ ਚੁਸਤ ਅਤੇ ਛੇਤੀ ਸੋਚਣ ਵਾਲਾ ਹੋ ਗਿਆ ਹੈ। ਜਿਹੜੀ ਸੋਚ ਅੱਗੇ ਪੰਦਰਾਂ ਮਿੰਟ ਵਿਚ ਫੁਰਦੀ ਸੀ, ਉਹ ਹੁਣ ਇਕ ਮਿੰਟ ਵਿਚ ਫੁਰ ਪੈਂਦੀ ਹੈ। ਮੋਟਰ ਚਲਾਣ ਵਾਲੇ ਨੂੰ ਅੱਗੋਂ ਆਉਂਦੇ ਆਦਮੀ ਨੂੰ ਰਸਤੇ ਵਿਚੋਂ ਹਟਾਣ ਲਈ ਛੇਤੀ ਹਾਰਨ ਵਜਾਉਣਾ ਪੈਂਦਾ ਹੈ, ਅਤੇ ਮੋਟਰ ਨੂੰ ਇਧਰ ਉਧਰ ਮੋੜਨ ਲਈ ਤਟ-ਫਟ ਫੈਸਲਾ ਕਰਨਾ ਪੈਂਦਾ ਹੈ। ਅੱਗੋਂ ਹਟਣ ਵਾਲੇ ਨੂੰ ਵੀ ਫੈਸਲਾ ਕਰਨ ਲਈ ਇਕ ਦੋ ਸਕਿੰਟਾਂ ਤੋਂ ਵਧੀਕ ਸਮਾਂ ਨਹੀਂ ਮਿਲਦਾ। ਪੁਰਾਣੇ ਜ਼ਮਾਨੇ ਦਾ ਆਦਮੀ, ਜਿਸ ਦੇ ਮਨ ਨੇ ਤਰੱਕੀ ਨਹੀਂ ਕੀਤੀ, ਅਤੇ ਅਜੇ ਗੱਡੇ ਦੀ ਰਫ਼ਤਾਰ ਨਾਲ ਚਲ ਰਿਹਾ ਹੈ, ਅਜੇਹੀ ਔਕੜ ਦੇ ਵੇਲੇ ਕਈ ਸਕਿੰਟ ਸੋਚਣ ਵਿਚ ਹੀ ਲਾ ਦਿੰਦਾ ਹੈ, ਅਤੇ ਅਜੇ ਖੱਬੇ ਸੱਜੇ ਝਾਕ ਹੀ ਰਿਹਾ ਹੁੰਦਾ ਹੈ ਕਿ ਮੋਟਰ ਉਹਨੂੰ ਹੇਠਾਂ ਸੁਟ ਕੇ ਅਗਾਂਹ ਲੰਘ ਜਾਂਦੀ ਹੈ। ਸਿਨੇਮਾ ਵਿਚ ਵੀ ਅੰਗਰੇਜ਼ੀ ਮੂਰਤਾਂ ਇੰਨੀ ਛੇਤੀ ਚਲਦੀਆਂ ਹਨ ਅਤੇ ਗੱਲਾਂ ਬਾਤਾਂ ਇੰਨੀ ਕਾਹਲੀ ਨਾਲ ਹੁੰਦੀਆਂ ਹਨ ਕਿ ਅਣਹਿੱਲੇ ਦਰਸ਼ਕ ਦਾ ਮਨ ਦੌੜ ਦੌੜ ਕੇ ਹਫ਼ ਜਾਂਦਾ ਹੈ, ਪਿੱਛੇ ਰਹਿ ਜਾਂਦਾ ਹੈ। ਹਾਂ, ਹਿੰਦੁਸਤਾਨੀ ਫ਼ਿਲਮਾਂ ਵਿਚ ਆਮ ਲੋਕਾਂ ਦੀ ਦਿਮਾਗੀ ਹਾਲਤ ਦੇ ਮੁਤਾਬਿਕ ਇੱਨੀ ਛੇਤੀ ਨਹੀਂ ਵਰਤੀ ਹੁੰਦੀ। ਜੇ ਗਾਣਾ ਲੈ ਬਹਿੰਦੇ ਹਨ ਤਾਂ ਕਈ ਮਿੰਟਾਂ ਤਕ ਗਾਣਾ ਹੀ ਚਲੀ ਜਾਂਦਾ ਹੈ। ਗੱਲਾਂ ਭੀ ਲੰਮੀਆਂ ਲੰਮੀਆਂ ਲੈਕਚਰ ਸਮਾਨ ਹੁੰਦੀਆਂ ਹਨ। ਕਿਤਾਬਾਂ ਪੜ੍ਹਨ ਵਿਚ ਵੀ ਉੱਨੀ ਹੀ ਛੇਤੀ ਆ ਗਈ ਹੈ। ਚੰਗੇ ਪੜ੍ਹਨ ਵਾਲੇ ਇਕ ਇਕ ਦਿਨ ਵਿਚ ਕਈ ਪੁਸਤਕਾਂ ਮੁਕਾ ਲੈਂਦੇ ਹਨ। ਓਹ ਸਭ ਕੁਝ ਨਹੀਂ ਪੜ੍ਹਦੇ। ਅਖ਼ਬਾਰ ਜਾਂ ਕਿਤਾਬ ਦੀ ਸਾਰੀ ਲਿਖਤ ਨੂੰ ਓਹੀ ਪੜ੍ਹਦਾ ਹੈ ਜਿਸ ਦੀ ਸੋਚ ਹੌਲੀ ਹੌਲੀ ਚਲਦੀ ਹੈ,