ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/9

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਕਿਉਂਕਿ ਉਸਨੂੰ ਇਤਨੀ ਸਮਝ ਨਹੀਂ ਹੁੰਦੀ ਕਿ ਮਜ਼ਮੂਨ ਦਾ ਆਲੇ ਦੁਆਲੇ ਦਾ ਖ਼ਿਆਲ ਕਰਕੇ ਬੇ-ਲੋੜੀਆਂ ਗੱਲਾਂ ਛੱਡੀ ਜਾਏ ਅਤੇ ਕੇਵਲ ਸੰਬੰਧਤ ਗੱਲਾਂ ਵਲ ਹੀ ਧਿਆਨ ਦੇਵੇ। ਚੰਗਾ ਪੜ੍ਹਿਆ ਆਦਮੀ ਤਾਂ ਕਿਸੇ ਪੈਰੇ ਨੂੰ ਸ਼ੁਰੂ ਕਰਦਿਆਂ ਹੀ ਤਾੜ ਜਾਂਦਾ ਹੈ ਕਿ ਇਸ ਵਿਚ ਕੀ ਲਿਖਿਆ ਹੈ। ਉਹ ਮਤਲਬ ਦੀ ਗੱਲ ਵਲ ਅਤੇ ਹੋਰ ਸਭ ਕੁਝ ਛੱਡੀ ਜਾਂਦਾ ਹੈ। ਇਹ ਛੱਡ ਛੱਡ ਕੇ ਪੜ੍ਹਨ ਦੀ ਜਾਚ ਵਰਤਮਾਨ ਸਮੇਂ ਦਾ ਇਕ ਵੱਡਾ ਹੁਨਰ ਹੈ | ਅਜ ਕਲ ਸਭ ਤੋਂ ਵਧ ਕੇ ਉਹ ਪੜ੍ਹਦਾ ਹੈ ਜੋ ਸਭ ਤੋਂ ਘਟ ਪੜ੍ਹਦਾ ਹੈ।

ਕਈ ਥਾਵਾਂ ਤੇ ਕਈ ਹਾਲਤਾਂ ਵਿਚ ਵਲਵਲੇ ਅਤੇ ਇਖ਼ਲਾਕ ਵਿਚ ਇੰਨਾ ਵਾਧਾ ਨਹੀਂ ਹੋਇਆ ਜਿੰਨਾ ਗਿਆਨ ਵਿਚ। ਇਸ ਦਾ ਕਾਰਨ ਇਹ ਹੈ ਕਿ ਸਾਇੰਸ ਨੇ ਥੋੜ੍ਹੇ ਮੁੱਦੇ ਵਿਚ ਹੀ ਮਨੁੱਖ ਦੇ ਦਿਮਾਗ ਵਿਚ ਇੱਨੇ ਨਵੇਂ ਵਾਕਿਆਤ ਭਰ ਦਿਤੇ ਹਨ ਕਿ ਉਨ੍ਹਾਂ ਵਾਕਿਆਤਾਂ ਨੂੰ ਮਨੁੱਖਾਂ ਦਾ ਵਲਵਲਾ ਤੇ ਇਖ਼ਲਾਕੀ ਬਿਰਤੀ ਸੰਭਾਲ ਨਹੀਂ ਸਕੀ ਅਤੇ ਨਾ ਹੀ ਪੂਰੀ ਤਰ੍ਹਾਂ ਹਜ਼ਮ ਕਰ ਕੇ ਆਪਣੇ ਆਚਰਣ ਦਾ ਹਿੱਸਾ ਬਣਾ ਸਕੀ ਹੈ। ਗਿਆਨ ਵਧ ਵਧ ਕੇ ਬਹੁਤ ਅਗਾਂਹ ਲੰਘ ਗਿਆ ਹੈ, ਅਤੇ ਧਰਮ ਅਤੇ ਸਦਾਚਾਰ ਨੂੰ ਨਾਲ ਨਹੀਂ ਲਿਜਾ ਸਕਿਆ, ਜਿਵੇਂ ਯੂਰਪ ਵਿਚ ਯਹੂਦੀਆਂ ਨਾਲ ਹੋ ਰਹੀ ਬਦ-ਸਲੂਕੀ ਜਾਂ ਰਾਜਸੀ ਲਾਲਚ ਦੇ ਪਿੱਛੇ ਆਪਣੇ ਦਿੱਤੇ ਪ੍ਰਣ ਉਤੇ ਕਾਇਮ ਨਾ ਰਹਿਣ ਵਾਲੀ ਹਿਟਲਰੀ ਪਾਲਸੀ। ਪ੍ਰੰਤੂ ਇਹ ਪਿਛਾਂਹ ਖਿਚੂ ਪਾਲਿਸੀਆਂ ਕੁਝ ਚਿਰ ਲਈ ਚਲਣਗੀਆਂ, ਅਤੇ ਅਗਾਂਹ ਵਧ ਰਹੀ ਸਭਿੱਅਤਾ ਦੀ ਰੌ ਨੂੰ ਨਹੀਂ ਰੋਕ ਸਕਣਕੀਆਂ। ਸਭਿੱਤਾ ਦੀ ਰੌ ਅਗਾਂਹ ਵਧ ਰਹੀ ਹੈ, ਜਿਸ ਦਾ ਪ੍ਰਤੱਖ ਸਬੂਤ ਮਨੁੱਖੀ ਹਿਰਦੇ ਦੀ ਵਧ ਰਹੀ ਕੋਮਲਤਾ ਹੈ। ਮਨੁੱਖ ਦਾ ਦਿਲ ਅੱਗੇ ਨਾਲੋਂ ਵਧੇਰੇ ਬਰੀਕ ਹੋ ਰਿਹਾ ਹੈ, ਇਸ ਦਾ ਇਹਸਾਸ ਕੋਮਲ ਹੋ ਗਿਆ ਹੈ। ਅੱਗੇ ਬੰਗਾਲ ਦੇ ਫਤ੍ਹੇ ਹੋਣ ਵੇਲੇ ਨਾਲ ਦੇ ਸੂਬੇ ਅਵਧ ਜਾਂ ਮਦਰਾਸ ਨੂੰ ਕੋਈ ਪਤਾ ਨਹੀਂ ਸੀ ਲਗਦਾ, ਸਗੋਂ ਮਦਰਾਸੀਆਂ ਨੂੰ ਨਾਲ ਲੈ ਕੇ ਬੰਗਾਲ ਫਤ੍ਹੇ ਕਰ ਲੈਂਦੇ ਸਨ, ਜਾਂ ਪੂਰਬੀਆਂ ਨੂੰ ਨਾਲ ਲੈ ਕੇ ਪੰਜਾਬ ਫਤ੍ਹੇ ਕਰ ਲੈਂਦੇ ਸਨ, ਪਰ ਲੋਕਾਂ ਨੂੰ ਇਕ ਦੂਜੇ ਦੇ ਦੇਸ਼ਭਾਈ ਹੋਣ ਦਾ ਖ਼ਿਆਲ ਤਕ ਨਹੀਂ ਸੀ ਆਉਂਦਾ, ਹੁਣ ਫ਼ਲਸਤੀਨ, ਫਿਨਲੈਂਡ, ਚੀਨ ਜਾਂ ਐਬੀਸੀਨੀਆਂ ਦੇ ਲੋਕਾਂ ਦੇ ਦੁਖੜੇ ਸੁਣ ਸੁਣ ਕੇ ਪੰਜਾਬੀਆਂ ਅਤੇ ਬੰਗਾਲੀਆਂ ਦੇ ਦਿਲ ਪਏ ਪੰਘਰਦੇ ਹਨ। ਸਭਿੱਤਾ ਦੀ ਉੱਨਤੀ ਇਸ ਗੱਲ ਤੋਂ ਨਹੀਂ ਮਿਲਣੀ ਚਾਹੀਦੀ ਕਿ ਕੌਮਾਂਤ੍ਰੀ ਲੀਗ ਜਾਂ ਸੰਮਿਲਤ ਕੌਮੀ ਜਥੇਬੰਦੀ