ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਹਾਵਰੇ ਤੋਂ ਬਹੁਤ ਦੂਰ ਜਾ ਪਈ ਹੈ। ਇਸੇ ਤਰ੍ਹਾਂ ਕਬੀਰ ਦੀ ਹਿੰਦੀ ਪੰਜਾਬੀ ਤੋਂ ਇੰਨੀ ਦੂਰ ਨਹੀਂ ਜਿੰਨੀ ਕਿ ਅੱਜ ਕੱਲ੍ਹ ਦੇ ਕਿਸੇ ਉੱਚ-ਕੋਟੀ ਦੇ ਹਿੰਦੀ ਲਿਖਾਰੀ ਦੀ। ਜ਼ਬਾਨ ਦੀ ਜੋ ਏਕਤਾ ਤਿੰਨ ਸੌ ਵਰ੍ਹੇ ਪਹਿਲਾਂ ਸੀ ਉਹ ਹੁਣ ਨਹੀਂ ਰਹੀ।

ਜ਼ਬਾਨ ਦੀ ਏਕਤਾ ਤੋਂ ਇਲਾਵਾ ਹਿੰਦੁਸਤਾਨ ਦੇ ਸਾਂਝੇ ਤੇ ਮਿਲਵੇਂ ਹੁਨਰ ਪੈਦਾ ਕਰਨ ਲਈ ਸਫਲ ਜਤਨ ਕੀਤਾ ਗਿਆ। ਬਾਬਰ ਤੇ ਹੁਮਾਯੂੰ ਆਪਣੇ ਕਲਾ-ਰਸ ਵਿਚ ਪਰਦੇਸੀ ਸਨ, ਪਰ ਅਕਬਰ ਦੇ ਦਿਲ ਵਿਚ, ਜਿਵੇਂ ਫ਼ਰਗੂਸਨ ਲਿਖਦਾ ਹੈ, ਹਿੰਦੂ ਹੁਨਰਾਂ ਲਈ ਓਨਾ ਹੀ ਪਿਆਰ ਸੀ ਜਿੰਨਾ ਕਿ ਮੁਸਲਮਾਨੀ ਹੁਨਰਾਂ ਨਾਲ। ਉਸ ਨੇ ਨਾ ਕੇਵਲ ਇਮਾਰਤੀ ਹੁਨਰ ਵਿਚ ਬਲਕਿ ਰਾਗ ਤੇ ਚਿੱਤਰਕਾਰੀ ਵਿਚ ਵੀ ਦੋਹਾਂ ਤਰਜ਼ਾਂ ਦੇ ਵਧੀਆ ਗੁਣਾਂ ਨੂੰ ਰਲਾ ਕੇ ਇਕ ਸਾਂਝੀ ਕੌਮੀ ਤਰਜ਼ ਕੱਢੀ. ਜੋ ਸਾਰੇ ਦੇਸ਼ ਵਿਚ ਪ੍ਰਚੱਲਤ ਹੋ ਗਈ ਅਤੇ ਹੁਣ ਤੱਕ ਚਲੀ ਆਉਂਦੀ ਹੈ। ਸ਼ਖ਼ਸੀ ਉਪਾਸਨਾ ਵਿਚ ਯਕੀਨ ਰੱਖਣ ਵਾਲੇ ਹਿੰਦੂਆਂ ਦੇ ਮੰਦਰ ਨੋਕਦਾਰ ਸਿਖਰ ਲੈ ਕੇ ਅਸਮਾਨ ਵੱਲ ਵੱਧਦੇ ਹਨ। ਪਰ ਉਨ੍ਹਾਂ ਵਿਚ ਬੈਠਣ ਲਈ ਥਾਂ ਕੇਵਲ ਇਕ ਪੁਜਾਰੀ ਲਈ ਹੁੰਦਾ ਹੈ। ਮੁਸਲਮਾਨ ਜਮਾਇਤ ਵਿਚ ਯਕੀਨ ਰੱਖਦੇ ਹਨ, ਇਸ ਲਈ ਉਨ੍ਹਾਂ ਦੀਆਂ ਮਸੀਤਾਂ ਵਿਚ ਥਾਂ ਬਹੁਤ ਖੁਲ੍ਹੀ ਹੁੰਦੀ ਹੈ। ਅਕਬਰ ਦੀ ਚਲਾਈ ਹੋਈ ਤਰਜ਼ ਅਨੁਸਾਰ ਇਮਾਰਤਾਂ ਬਹੁਤ ਉੱਚੀਆਂ ਤੇ ਖੁਲ੍ਹੀਆਂ ਬਣਨ ਲੱਗੀਆਂ। ਸਿਖਰ ਦੀ ਛਾਂ ਗੁੰਬਦ ਨੇ ਮੱਲ ਲਈ ਪਰ ਗੁੰਬਦ ਭੀ ਛੱਤ ਤੋਂ ਸਿੱਧੀ ਨਹੀਂ ਉੱਠਦੀ ਤੇ ਨਾ ਏਡੀ ਭਰਵੀਂ ਹੁੰਦੀ ਹੈ, ਬਲਕਿ ਹੇਠਾਂ ਤੋਂ ਵਲ ਖਾ ਕੇ ਗੋਲ ਹੁੰਦੀ ਤੇ ਕੰਵਲ ਦੀਆਂ ਪੱਤੀਆਂ ਨਾਲ ਸਜਾਈ ਜਾਂਦੀ ਹੈ। ਹਿੰਦੂ ਕਲਾ ਦੇ ਪੰਜਰਤਨੀ ਖ਼ਿਆਲ ਮੂਜਬ ਗੁੰਬਦਾਂ ਭੀ ਇਕ ਦੀ ਥਾਂ ਪੰਜ ਹੁੰਦੀਆਂ ਹਨ। ਚੋਟੀ ਸਿਖਰ ਦੀ ਸ਼ਕਲ ਦੀ ਬਣੀ ਹੁੰਦੀ ਹੈ। ਇਸ ਵਿਚ ਹਿੰਦੂਆਂ ਦੇ ਮੂਰਤਕ ਢਾਂਚੇ ਉਤੇ ਅਰਬ ਤੇ ਈਰਾਨ ਦੀਆਂ ਸਜਾਵਟਾਂ ਕੀਤੀਆਂ ਹੁੰਦੀਆਂ ਹਨ, ਹਿੰਦੂਆਂ ਦੀਆਂ ਬਗਲਦਾਰ ਕਾਨਸਾਂ ਤੇ ਛੱਜਿਆਂ ਉਤੇ ਮੁਸਲਮਾਨੀ ਕਰਾਨਚੇ ਚੜ੍ਹਾਏ ਹੁੰਦੇ ਹਨ। ਦਰਵਾਜ਼ਾ ਹਾਥੀ ਦੇ ਮੁਹਾਂਦਰੇ ਦਾ ਅਤੇ ਪਉੜੀਆਂ ਉਤੇ ਹੌਦੇ ਦੀ ਸ਼ਕਲ ਦਾ ਕੱਜਣ ਬਣਿਆ ਹੁੰਦਾ ਹੈ। ਅਕਬਰ ਦੇ ਪਿੱਛੋਂ ਜੋ ਇਮਾਰਤਾਂ ਤਾਜ ਮਹੱਲ ਵਰਗੀਆਂ ਬਣਾਈਆਂ ਗਈਆਂ ਉਹ ਆਗਰੇ ਤੇ ਫਤ੍ਵੇਪੁਰ ਸੀਕਰੀ ਵਿਚ ਬਣੀਆਂ ਸਾਂਝੀ ਤਰਜ਼ ਵਾਲੀਆਂ ਇਮਾਰਤਾਂ ਦੀ ਪੈ ਵਿਚ ਹੀ ਹਨ। ਉਨ੍ਹਾਂ ਵਿਚ ਅਕਬਰੀ ਤਰਜ਼ ਨੂੰ ਬਿਲਕੁਲ ਨਹੀਂ ਭੰਨਿਆ ਗਿਆ। ਹਾਂ ਪਿੱਛੋਂ ਜਾ ਕੇ ਇਸ ਤਰਜ਼ ਵਿਚ

੯੨