ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਵਿਚਾਰ ਹਿੰਦੁਸਤਾਨ ਦੀਆਂ ਸਭਨਾਂ ਜਾਤੀਆਂ ਵਿਚ ਪਸਰ ਗਏ, ਤੇ ਇਨ੍ਹਾਂ ਨੇ ਆਪਸ ਵਿਚ ਦੇ ਮਤ-ਭੇਦ ਦੇ ਪੱਖ-ਪਾਤ ਨੂੰ ਐਸਾ ਮਿਟਾਇਆ ਕਿ ਸਾਰਿਆਂ ਪਾਸਿਆਂ ਦੇ ਆਗੂ ਆਪੋ ਵਿਚ ਭਰਾਵਾਂ ਤੇ ਮਿੱਤਰਾਂ ਵਾਂਗ ਮਿਲਣ ਲੱਗ ਪਏ। ਸਾਡੇ ਦਿਲ ਕਿਡੇ ਖੁਸ਼ ਹੁੰਦੇ ਹਨ ਜਦ ਅਸੀਂ ਪੜ੍ਹਦੇ ਹਾਂ ਕਿ ਗੁਰੂ ਨਾਨਕ ਦੇਵ ਤੇ ਬਾਬਾ ਫ਼ਰੀਦ ਜੀ ਕਿਵੇਂ ਜੱਫੀ ਪਾ ਕੇ ਮਿਲਦੇ ਸਨ ਤੇ ਸਾਰੀ ਰਾਤ ਆਪਣੇ ਸਾਂਝੇ ਰੱਬ ਦੀਆਂ ਸਿਫ਼ਤਾਂ ਗਾਉਂਦੇ ਤੇ ਆਪਸ ਵਿਚ ਦੇ ਪਿਆਰ ਦੀਆਂ ਗੱਲਾਂ ਕਰਦੇ ਬਿਤਾਂਦੇ ਸਨ। ਖਿਆਲਾਂ ਦੀ ਸਾਂਝ ਇਤਨੀ ਵੱਧ ਗਈ ਸੀ ਕਿ ਜਦ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਲੱਗੇ ਤਾਂ ਉਨ੍ਹਾਂ ਨੂੰ ਆਪਣੀ ਬਾਣੀ ਦੇ ਨਾਲ ਹਿੰਦੂ ਤੇ ਮੁਸਲਮਾਨ ਫ਼ਕੀਰਾਂ ਦੀ ਬਾਣੀ ਚੜ੍ਹਾਣ ਲੱਗਿਆਂ ਕੋਈ ਸੰਗ ਨਾ ਜਾਪੀ।

ਇਹ ਤਰੀਕੇ ਸਨ ਜਿਨ੍ਹਾਂ ਨਾਲ ਅੱਗੇ ਹਿੰਦੁਸਤਾਨ ਵਿਚ ਏਕਤਾ ਆਈ ਸੀ। ਅਤੇ ਹੁਣ ਵੀ ਜੇਕਰ ਅਸਾਂ ਇਕ-ਮੁੱਠ ਹੋਣਾ ਹੈ ਤਾਂ ਏਹੋ ਜਿਹੇ ਤਰੀਕੇ ਵਰਤਣੇ ਪੈਣਗੇ, ਪਰ ਅਸੀਂ ਤਾਂ ਇਨ੍ਹਾਂ ਵਿਚੋਂ ਹਰ ਇਕ ਤਰੀਕੇ ਦੇ ਉਲਟ ਜਾ ਰਹੇ ਹਾਂ। ਸਾਰੇ ਹਿੰਦੁਸਤਾਨ ਲਈ ਇਕ ਜ਼ਬਾਨ ਪ੍ਰਚੱਲਤ ਕਰਨ ਦੀ ਥਾਂ ਅਸੀਂ ਹਿੰਦੀ ਨੂੰ ਨਰੋਲ ਹਿੰਦੂ ਰੰਗ ਦੇ ਕੇ ਇਸ ਵਿਚ ਸੰਸਕ੍ਰਿਤ ਦੇ ਛੁੱਟੜ ਲਫ਼ਜ਼ ਭਰ ਰਹੇ ਹਾਂ, ਜਿਵੇਂ ਕਿ ਮੁਸਲਮਾਨਾਂ ਦਾ ਇਸ ਨਾਲ ਕੋਈ ਵਾਸਤਾ ਹੀ ਨਹੀਂ ਹੁੰਦਾ ਅਤੇ ਉਰਦੂ ਨੂੰ ਫ਼ਾਰਸੀ ਦੀ ਅਜੇਹੀ ਪੁੱਠ ਚਾੜ੍ਹ ਰਹੇ ਹਾਂ ਕਿ ਹਿੰਦੂ ਇਸ ਦੇ ਨਾਂ ਤੋਂ ਕਤਰਾਂਦੇ ਹਨ। ਇਨ੍ਹਾਂ ਵਿਚੋਂ ਕਿਸੇ ਇਕ ਲਈ ਇਹ ਦਾਹਵਾ ਕਰਨਾ ਹੀ ਕਾਫ਼ੀ ਨਹੀਂ ਕਿ ਇਹ ਸਾਰੇ ਹਿੰਦ ਦੀ ਕੌਮੀ ਬੋਲੀ ਹੈ। ਇਸ ਦੀ ਬਣਤਰ ਤੇ ਇਸ ਦੀ ਸ਼ਬਦਾਵਲੀ ਨੂੰ ਇਉਂ ਢਾਲਣਾ ਚਾਹੀਦਾ ਹੈ ਕਿ ਸਾਰੇ ਹਿੰਦ ਵਾਸੀ ਇਸ ਨੂੰ ਆਪਣੀ ਆਖ ਸਕਣ।

ਇਕ ਦੂਜੇ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਹਿੰਦੂ ਮੁਸਲਮਾਨਾਂ ਦੀ ਅਤੇ ਮੁਸਲਮਾਨ ਹਿੰਦੂਆਂ ਦੀ ਰਹਿਣੀ-ਬਹਿਣੀ ਨੂੰ ਹਮਦਰਦੀ ਨਾਲ ਜਖਣ-ਪਰਖਣ ਤੇ ਜਿਹੜੀਆਂ ਗੱਲਾਂ ਗ੍ਰਹਿਣ ਕਰਨ ਵਾਲੀਆਂ ਹੋਣ ਉਨ੍ਹਾਂ ਨੂੰ ਪਿਆਰ ਨਾਲ ਅਪਣਾਉਣ। ਪਰ ਹਿੰਦੂ ਤੇ ਮੁਸਲਮਾਨ ਤਾਂ ਆਪੋ ਆਪਣੇ ਫਿਰਕੂ ਆਸ਼ਰਮਾਂ ਦੀਆਂ

੯੫