ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਇਹੋ ਜਿਹੇ ਸੈਂਕੜੇ ਸ਼ਬਦ ਹਨ, ਜਿਨ੍ਹਾਂ ਤੋਂ ਮਲੂਮ ਹੁੰਦਾ ਹੈ ਕਿ ਗੁਰੂ ਜੀ ਨੂੰ ਹਿੰਦੂ ਮੱਤ ਦੀਆਂ ਪੁਸਤਕਾਂ ਦੀ ਪੂਰੀ ੨ ਵਾਕਫ਼ੀ ਸੀ।

'ਸਿਧ ਗੋਸਟਿ' ਆਦਿ ਬਾਣੀਆਂ, ਜੋ ਜੋਗੀਆਂ ਪ੍ਰਤੀ ਉਚਾਰਨ ਹੋਈਆਂ, ਇਤਨੇ ਗੂੜ੍ਹ ਭਾਵਾਂ ਵਾਲੀਆਂ ਹਨ, ਅਤੇ ਉਨ੍ਹਾਂ ਵਿਚ ਕਿਤਾਬੀ ਖਿਆਲਾਂ ਵਲ ਇਤਨੇ ਇਸ਼ਾਰੇ ਹਨ ਕਿ ਵਿਦਵਾਨ ਪੁਰਸ਼ ਤੋਂ ਬਿਨਾਂ ਉਨ੍ਹਾਂ ਨੂੰ ਕੋਈ ਸਮਝ ਨਹੀਂ ਸਕਦਾ।

ਇਸੇ ਤਰ੍ਹਾਂ ਗੁਰੂ ਜੀ ਦੀ ਬਾਣੀ ਵਿਚ ਮੁਸਲਮਾਣਾਂ ਦੀਆਂ ਪੁਸਤਕਾਂ ਵਿਚ ਦਿੱਤੀਆਂ ਗੱਲਾਂ ਅਤੇ ਉਹਨਾਂ ਦੇ ਧਾਰਮਕ ਅਸੂਲਾਂ ਵਲ ਇਸ਼ਾਰੇ ਹਨ ਜਿਨ੍ਹਾਂ ਨੂੰ ਵਿਚਾਰ ਕੇ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਜੀ ਨੂੰ ਉਨ੍ਹਾਂ ਦੇ ਘਰ ਦੀ ਭੀ ਪੂਰੀ ੨ ਵਾਕਫ਼ੀ ਸੀ।

ਕਈ ਸਜਣਾਂ ਨੇ ਆਸਾ ਤੇ ਤਿਲੰਗ ਰਾਗ ਵਾਲੇ ਫਾਰਸੀ-ਨੁਮਾ ਸ਼ਬਦਾਂ ਨੂੰ ਲੈ ਕੇ ਉਟੰਕਨ ਕੀਤੀ ਹੈ ਕਿ ਗੁਰੂ ਜੀ ਦੀ ਫ਼ਾਰਸੀ ਕੂਣ-ਕਸਰ ਵਾਲੀ ਸੀ।

"ਬਦਬਖ਼ਤ ਹਮ ਚੁ ਬਖੀਲ ਗਾਫਲ ਬੇ ਨਜ਼ਰ ਬੇਬਾਕ।
ਨਾਨਕੁ ਬੁਗੋਯਦ ਜਨ ਤੁਰਾ ਤੇਰੇ ਚਾਕਰਾ ਪੈ ਖ਼ਾਕ।"

ਕਹਿੰਦੇ ਹਨ ਕਿ ਇਹ ਫ਼ਾਰਸੀ ਠੀਕ ਨਹੀਂ। ਹਾਂ ਜੇ ਇਸ ਨੂੰ ਫ਼ਾਰਸੀ ਕਰਕੇ ਲਈਏ ਤਾਂ ਤੇ ਮੁਹਾਵਰਾ ਰਲਾ ਮਿਲਾ ਹੋਣ ਕਰਕੇ ਠੀਕ ਨਹੀਂ। ਪਰ ਅਸਲ ਵਿਚ ਇਹ ਸ਼ਬਦ ਫ਼ਾਰਸੀ ਵਿਚ ਨਹੀਂ। ਇਹ ਤਾਂ ਉਸ ਮਿਲਵੀਂ ਜਿਹੀ ਬੋਲੀ ਵਿਚ ਹਨ ਜੋ ਗੁਰੂ ਜੀ ਦੇ ਵੇਲੇ ਹਿੰਦੁਸਤਾਨੀ ਮੁਸਲਮਾਣਾਂ ਦੀ ਪ੍ਰਚਲਤ ਬੋਲੀ (ਵਰਨੈਕੁਲਰ) ਬਣ ਰਹੀ ਸੀ। ਉਰਦੂ ਅਜੇ ਬਣਿਆ ਨਹੀਂ ਸੀ। ਇਸ ਲਈ ਫ਼ਾਰਸੀ ਜਾਨਣ ਵਾਲੇ ਮੁਸਲਮਾਣ ਲੋਕ ਕੁਝ ਹਿੰਦੀ ਦੇ ਲਫ਼ਜ਼ ਚਲਾ ਕੇ ਇਕ ਖਿਚੜੀ ਜਿਹੀ ਬਣਾ ਲੈਂਦੇ ਸਨ ਜਿਸ ਨੂੰ 'ਰੇਖ਼ਤਾ' ਕਹਿੰਦੇ ਸਨ। ਇਹੋ ਬੋਲੀ ਹੁੰਦੇ ਹੁੰਦੇ ਜਹਾਂਗੀਰ, ਸ਼ਾਹ ਜਹਾਨ ਦੇ ਵੇਲੇ ਉਰਦੂ ਜਾ ਬਣੀ। ਇਸ ਰਲ-ਗਡ ਜਹੀ ਬੋਲੀ ਦੇ ਨਮੂਨੇ

ー੧੨੪ー