ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਇਸ ਨਿਰਾਸਤਾ ਵਾਲੀ ਹਾਲਤ ਵਿਚ ਕਾਲਜ ਨੂੰ ਸਰਕਾਰ ਵਲੋਂ ਇਕ ਅਜੇਹਾ ਚੰਗਾ ਪ੍ਰਿੰਸੀਪਲ ਮਿਲ ਗਿਆ, ਜਿਸ ਦੀ ਸ਼ਖ਼ਸੀਅਤ ਨੇ ਸਿੱਖਾਂ ਦਾ ਗਿਆ ਗਵਾਚਾ ਇਤਬਾਰ ਤੇ ਹਮਦਰਦੀ ਬਹੁਤ ਸਾਰੀ ਮੋੜ ਲਿਆਂਦੀ। ਇਹ ਸੀ ਮਿਸਟਰ ਜੀ. ਏ. ਵਾਦਨ। ਇਹ ਸਿਖਾਂ ਦਾ ਸੱਚਾ ਖੈਰ-ਖ਼ਾਹ ਤੇ ਹਮਦਰਦ ਸੀ। ਇਸ ਨੇ ਨਾ ਕੇਵਲ ਕਾਲਜ ਨੂੰ ਹਰ ਪਾਸਿਉਂ ਤਰੱਕੀ ਦਿੱਤੀ, ਅਤੇ ਇਸ ਦੇ ਵਿਦਿਆਰਥੀਆਂ ਨੂੰ ਹਮਦਰਦੀ ਦੱਸ ਕੇ ਅਤੇ ਨੌਕਰੀਆਂ ਦਿਵਾ ਕੇ ਜੱਸ ਖਟਿਆ, ਸਗੋਂ ਕਾਲਜ ਨੂੰ ਯੂਨੀਵਰਸਟੀ ਬਣਾਣ ਦਾ ਖਿਆਲ ਪਹਿਲਾਂ ਪਹਿਲ ਸਿੱਖਾਂ ਦੇ ਸਾਮ੍ਹਣੇ ਰਖਿਆ। ਉਸ ਦਾ ਖਿਆਲ ਕੁਝ ਪੂਰਾ ਹੁੰਦਾ ਭੀ ਦਿਸਦਾ ਸੀ ਕਿ ਪ੍ਰਿੰਸ ਔਫ਼ ਵੇਲਜ਼ ਆਪ ਆ ਕੇ ਸਿਖ ਯੂਨੀਵਰਸਟੀ ਦੀ ਨੀਂਹ ਰਖੇ, ਪਰ ੧੯੨੦ ਵਿਚ ਅਕਾਲੀ ਤਹਿਰੀਕ ਦੇ ਚਲਣ ਨਾਲ ਸਿਖਾਂ ਦੀ ਰੁਚੀ ਕਿਸੇ ਹੋਰ ਪਾਸੇ ਖਿੱਚੀ ਗਈ, ਅਤੇ ਇਹ ਕੰਮ ਸਿਰੇ ਨਾ ਚੜ੍ਹ ਸਕਿਆ। ਹਾਂ ਇਸ ਹੱਲੇ ਵਿਚ ਕਾਲਜ ਦਾ ਪ੍ਰਬੰਧ ਸਿੱਖਾਂ ਦੇ ਹੱਥ ਆ ਗਿਆ।

ਮੁਲਕ ਵਿਚ ਨਾਮਿਲਵਰਤਣ ਦੀ ਲਹਿਰ ਜ਼ੋਰਾਂ ਤੇ ਸੀ। ਖਾਸ ਕਰਕੇ ਲੋਕੀ ਵਿਦਿਅਕ ਆਸ਼੍ਰਮਾਂ ਦਾ ਸੰਬੰਧ ਸਰਕਾਰੀ ਮਹਿਕਮੇ ਅਤੇ ਯੂਨੀਵਰਸਟੀ ਨਾਲੋਂ ਤੋੜ ਲੈਣ ਉਤੇ ਜ਼ੋਰ ਦੇ ਰਹੇ ਸਨ। ਮਹਾਤਮਾ ਗਾਂਧੀ ਪੰਜਾਬ ਦਾ ਦੌਰਾ ਕਰ ਰਿਹਾ ਸੀ। ਉਹ ਅੰਮ੍ਰਿਤਸਰ ਵੀ ਆਇਆ। ਸਭ ਨੂੰ ਡਰ ਸੀ ਕਿ ਖਾਲਸਾ ਕਾਲਜ ਵੀ ਇਸੇ ਹੜ ਵਿਚ ਰੁੜ੍ਹ ਜਾਏਗਾ। ਪਰ ਮਿਸਟਰ ਵਾਦਨ ਨੂੰ ਪੱਕੀ ਉਮੀਦ ਸੀ ਕਿ ਸਿਖ ਕੌਮ ਇਸ ਵੇਲੇ ਹੋਸ਼ ਤੋਂ ਕੰਮ ਲਵੇਗੀ। ਉਹ ਮਹਾਤਮਾ ਗਾਂਧੀ ਦੇ ਅਸਰ ਤੋਂ ਨਾ ਡਰਿਆ, ਅਤੇ ਸਟਾਫ ਦੀ ਸਿਆਣਪ, ਵਫਾਦਾਰੀ ਅਤੇ ਹਮਦਰਦੀ ਉਤੇ ਭਰੋਸਾ ਕਰਦਿਆਂ ਹੋਇਆਂ ਮਹਾਤਮਾ ਜੀ ਨੂੰ ਕਾਲਜ ਵਿਚ ਸੱਦ ਕੇ ਵੰਗਾਰਿਆ ਕਿ ਆਓ ਆਪਣੀ ਪੂਰੀ ਵਾਹ ਲਾ ਲਓ। ਮਹਾਤਮਾ ਜੀ

ー੧੩੩ー