ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਆਏ ਅਤੇ ਦੁਵੱਲੀ ਖੁਲ੍ਹੀਆਂ ਗਲਾਂ ਬਾਤਾਂ ਹੋਈਆਂ।

ਮਿ. ਵਾਦਨ: "ਮਹਾਤਮਾ ਜੀ! ਤੁਸੀ ਖ਼ਾਲਸਾ ਕਾਲਜ ਨੂੰ ਤੋੜਨ ਆਏ ਹੋ?"

ਮਹਾਤਮਾ: "ਹਾਂ, ਮੈਂ ਇਸ ਨੂੰ ਤੋੜਨ ਆਇਆ ਹਾਂ।"

ਮਿ. ਵਾਦਨ ਉਸ ਨੂੰ ਬਾਹੋਂ ਫੜ ਕੇ ਖੁਲ੍ਹੀ ਥਾਂ ਤੇ ਲੈ ਗਿਆ ਅਤੇ ਕਾਲਜ ਦੀ ਆਲੀ-ਸ਼ਾਨ ਇਮਾਰਤ ਵਲ ਇਸ਼ਾਰਾ ਕਰ ਕੇ ਕਿਹਾ: "ਮਹਾਤਮਾ ਜੀ! ਇਹ ਕਾਲਜ ਸਿਖਾਂ ਦੇ ਖੂਨ ਨਾਲ ਬਣਿਆ ਹੈ। ਇਹ ਸਿਖਾਂ ਦੇ ਪਿਆਰ ਤੇ ਕੁਰਬਾਨੀ ਦਾ ਨਮੂਨਾ ਹੈ। ਕੀ ਤੁਹਾਡਾ ਜੀ ਕਰਦਾ ਹੈ ਕਿ ਏਹੋ ਜੇਹੇ ਮਹਾਨ ਆਸ਼੍ਰਮ ਨੂੰ ਨੁਕਸਾਨ ਪੁਚਾਓ? ਮਹਾਤਮਾ ਜੀ! ਤੁਸੀਂ ਇਸ ਆਸ਼੍ਰਮ ਦਾ ਕੀ ਸੰਵਾਰਿਆ ਹੈ, ਇਸ ਦੀ ਕੀ ਸੇਵਾ ਕੀਤੀ ਹੈ, ਕਿ ਇਸ ਨੂੰ ਤੋੜਨ ਦਾ ਹੀਆ ਕਰੋ? ਤੁਸੀਂ ਤੇ ਮੈਂ ਤੇ ਇਹ ਸਾਰੇ ਲੋਕ ਇਸ ਦੀ ਮਹਾਨਤਾ ਦੇ ਸਾਮ੍ਹਣੇ ਤੁੱਛ ਹਨ। ਅਸੀਂ ਤੁਸੀਂ ਇਸ ਦਾ ਕੁਝ ਨਹੀਂ ਵਿਗਾੜ ਸਕਦੇ। ਅਸੀਂ ਮਿੱਟ ਜਾਂਗੇ, ਪਰ ਇਹ ਕਾਇਮ ਰਹੇਗਾ, ਸਦਾ ਕਾਇਮ ਰਹੇਗਾ। ਸਤਿ ਸ੍ਰੀ ਅਕਾਲ ਦਾ ਜੈਕਾਰਾ ਆਵੇ।" ਜੈਕਾਰਿਆਂ ਦੀ ਗੂੰਜ ਵਿਚ ਮਹਾਤਮਾ ਜੀ ਨਿਰਾਸ ਹੋ ਕੇ ਪਰਤ ਗਏ।

ਕਾਲਜ ਦੇ ਸਟਾਫ਼ ਨੇ ਨਾਮਿਲਵਰਤਣ ਨਾ ਕੀਤੀ, ਪਰ ਇਸ ਲਹਿਰ ਤੋਂ ਜੋ ਮੁਲਕ ਵਿਚ ਜੋਸ਼ ਫੈਲਿਆ ਹੋਇਆ ਸੀ, ਉਸ ਤੋਂ ਫਾਇਦਾ ਉਠਾ ਕੇ ਕਾਲਜ ਦੇ ਪ੍ਰਬੰਧ ਨੂੰ ਠੀਕ ਕਰਾ ਲਿਆ। ਖ਼ਤਰਾ ਸੀ ਕਿ ਜੇ ਸਰਕਾਰੀ ਦਖਲ ਵਾਲੀ ਕਮਜ਼ੋਰੀ ਕਾਇਮ ਰਹੀ, ਤਾਂ ਕਾਲਜ ਨੂੰ ਨਾਮਿਲਵਰਤਣ ਦੇ ਹੱਲੇ ਤੋਂ ਬਚਾਣਾ ਔਖਾ ਹੋ ਜਾਏਗਾ। ਇਸ ਵਧਦੀ ਰੌ ਨੂੰ ਠਲ੍ਹਣ ਲਈ ਕੁਝ ਤੱਤ-ਫਟ ਦਾਰੂ ਕਰਨ ਦੀ ਲੋੜ ਸੀ। ੨੪ ਅਕਤੂਬਰ ੧੯੨੦ ਨੂੰ ਪ੍ਰੋਫੈਸਰਾਂ ਨੇ ਮਤਾ ਪਾਸ ਕਰ ਕੇ ਸਰਕਾਰ ਪਾਸੋਂ ਮੰਗ ਕੀਤੀ ਕਿ ਕਾਲਜ ਦੇ ਪ੍ਰਬੰਧ ਵਿੱਚੋਂ ਆਪਣੇ ਮਿੰਬਰ ਹਟਾ ਲਵੇ। ਇਸ ਮੌਕੇ ਤੇ ਸਟਾਫ਼ ਨੇ ਬੜੀ ਸਿਆਣਪ ਤੋਂ ਕੰਮ ਲਿਆ: ਇਕ ਤਾਂ

ー੧੩੪ー