ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/166

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਾਮਾਤ

'ਕਰਾਮਾਤ' ਦਾ ਅਰਥ ਹੈ ਵਡਿਆਈ, ਤੇ ਵਡਿਆਈ ਦਾ ਭਾਵ, ਜੋ ਅਸੀਂ ਸਮਝ ਰਖਿਆ ਹੈ, ਉਲੰਘਣਾ ਕਰਨ ਦੀ ਸਮ੍ਰਥਾ ਹੈ। ਨੇਮਾਂ ਅੰਦਰ ਰਹਿਣਾ ਆਮ ਲੋਕਾਂ ਦਾ ਕੰਮ ਹੈ। ਵੱਡੇ ਲੋਕ ਕਨੂੰਨ ਜਾਂ ਨੇਮ ਤੋਂ ਉਤਾਹਾਂ ਗਿਣੇ ਜਾਂਦੇ ਹਨ। ਕਿਧਰੇ ਮੈਚ ਹੁੰਦਾ ਹੋਵੇ ਜਾਂ ਛਿੰਝ ਪੈਂਦੀ ਹੋਵੇ ਅਤੇ ਪ੍ਰਬੰਧਕਾਂ ਨੇ ਪਿੜ ਦੁਆਲੇ ਰਸੀ ਖਿੱਚੀ ਹੋਵੇ, ਤਾਂ ਦੇਖੋਗੇ ਕਿ ਆਮ ਭੀੜ ਤਾਂ ਰੱਸੀ ਦੇ ਪਿੱਛੇ ਖੜੀ ਹੋਵੇਗੀ, ਪਰ ਉਨ੍ਹਾਂ ਵਿਚੋਂ ਦੋ ਚਾਰ ਉਚਦੁਮਾਲੀਏ ਅਗਾਹਾਂ ਨਿਤਰ ਆਉਣਗੇ ਅਤੇ ਪਿੜ ਦੇ ਅੰਦਰ ਇਧਰ ਉਧਰ ਭੁੜਕਦੇ ਫਿਰਨਗੇ। ਬਸ ਏਹੋ ਵਡੇ ਹੋਣ ਦੀ ਨਿਸ਼ਾਨੀ ਜੇ। ਆਮ ਲੋਕ ਤਾਂ ਸਿਧੇ ਤੇ ਬਝਵੇਂ ਰਸਤੇ ਤੇ ਚਲਣਗੇ, ਭਾਵੇਂ ਲੰਮਾ ਤੇ ਵਲਦਾਰ ਹੋਵੇ, ਪਰ ਜਿਨ੍ਹਾਂ ਦੇ ਦਿਲ ਵਿਚ ਵਡੇ ਹੋਣ ਦਾ ਮਾਣ ਹੈ ਵਾੜਾਂ ਨੂੰ ਤੋੜਦੇ, ਰਾਖਵੇਂ ਘਾਹਾਂ ਨੂੰ ਲਤਾੜਦੇ ਤੇ ਚੋਰ-ਪਗਡੰਡੀਆਂ ਬਣਾਂਦੇ ਲੰਘਣਗੇ।

ਇਹ ਸਚ ਹੈ ਕਿ ਕਈ ਵਾਰੀ ਅਸਲੀ ਵੱਡੇ ਆਦਮੀਆਂ ਨੂੰ ਕਿਸੇ ਉਚੇਰੇ ਕਨੂੰਨ ਦੀ ਰਖਿਆ ਲਈ ਮਨੁੱਖਾਂ ਦੇ ਪਾਏ ਬੇਮਹਿਨੀ ਬੰਧਨਾਂ ਨੂੰ ਤੋੜਨਾ ਪੈਂਦਾ ਹੈ। ਪਰ ਓਹ ਇਸ ਤੋੜ-ਫੋੜ ਨੂੰ ਆਪਣੇ ਵਡਿੱਤਣ ਦਾ ਖ਼ਾਸ ਹਕ ਨਹੀਂ ਮੰਨਦੇ, ਬਲਕਿ ਸਮਾਜਕ ਉੱਨਤੀ ਜਾਂ ਸੁਧਾਰ ਲਈ ਇਕ ਜ਼ਰੂਰੀ ਫ਼ਰਜ਼ ਸਮਝਦੇ ਹਨ, ਜਿਸ ਦੀ ਪੂਰਤੀ ਲਈ ਓਹ ਆਪਣੇ ਉਤੇ ਹਰ ਤਰ੍ਹਾਂ ਦੇ ਕਸ਼ਟ ਸਹਾਰਨ ਲਈ ਤਿਆਰ ਰਹਿੰਦੇ ਹਨ। ਪਰ ਜਿਨ੍ਹਾਂ ਵਡੇ ਲੋਕਾਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਓਹ ਨੇਮਾਂ ਨੂੰ ਭੰਗ ਕਰਨ ਵਿਚ ਹੀ ਆਪਣੀ ਵਡਿਆਈ ਸਮਝਦੇ ਹਨ, ਅਤੇ ਕਿਸੇ ਡੰਡ ਦਾ ਨਾਂ ਲੈਣਾ ਤਾਂ ਉਨ੍ਹਾਂ ਦੀ ਹਤਕ ਕਰਨਾ ਹੈ। ਇਸੇ ਖਿਆਲ ਦੇ ਪ੍ਰਚਲਤ ਹੋਣ ਨਾਲ ਕਈ ਵਾਰੀ ਅਸੀਂ ਨਿਰੇ ਕਨੂੰਨ ਤੋੜਨ ਨੂੰ ਬਹਾਦਰੀ ਸਮਝਣ

ー੧੬੩ー