ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/167

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਨਵੀਆਂ ਸੋਚਾਂ

ਲਗ ਪੈਂਦੇ ਹਾਂ, ਅਤੇ ਬੇਟਿਕਟੇ ਸਫ਼ਰ ਕਰਨ ਵਾਲਿਆਂ ਜਾਂ ਸਰਕਾਰ ਨੂੰ ਗਾਲਾਂ ਕਢ ਕੇ ਜੇਲ੍ਹ ਜਾਣ ਵਾਲਿਆਂ ਨੂੰ ਹੀਰੋ ਸਮਝ ਕੇ ਸਲਾਹੁੰਦੇ ਹਾਂ।

ਜਦ ਕਨੂੰਨ ਦੀਆਂ ਹਦ-ਬੰਦੀਆਂ ਤੋਂ ਉਤਾਹਾਂ ਹੋਣਾ ਹੀ ਵਡਿਆਈ ਦੀ ਨਿਸ਼ਾਨੀ ਹੈ, ਤਾਂ ਜੋ ਭੀ ਸਾਡੀ ਨਜ਼ਰ ਵਿਚ ਵੱਡਾ ਹੋਵੇਗਾ ਅਸੀਂ ਉਸਨੂੰ ਕੁਦਰਤੀ ਤੇ ਅਖ਼ਲਾਕੀ ਨੇਮਾਂ ਤੋਂ ਉਚੇਰਾ ਮੰਨਾਂਗੇ। ਰਾਜੇ ਇਸੇ ਲਈ ਨਿਹ-ਕਲੰਕ ਮੰਨੇ ਗਏ ਹਨ, ਅਤੇ ਨਬੀ, ਪੈਗੰਬਰ ਤੇ ਅਵਤਾਰ ਰੱਬ ਦੇ ਸਧਾਰਨ ਨੇਮਾਂ ਤੋਂ ਬਰੀ ਦਸੇ ਗਏ ਹਨ। ਓਹ ਸਮੁੰਦਰ ਉਤੇ ਪੈਦਲ ਚਲ ਸਕਦੇ ਸਨ, ਹਵਾ ਵਿਚ ਉਡ ਸਕਦੇ ਸਨ, ਕੰਧਾਂ ਦੁੜਾ ਸਕਦੇ ਸਨ, ਇੱਕੋ ਵੇਲੇ ਦੋ ਥਾਂ ਤੇ ਮੌਜੂਦ ਹੋ ਸਕਦੇ ਸਨ, ਜਾਂ ਗੁਪਤ ਪ੍ਰਗਟ ਹੋ ਕੇ ਵਿਚਰ ਸਕਦੇ ਸਨ। ਇਉਂ ਮਲੂਮ ਹੁੰਦਾ ਹੈ ਕਿ ਜਿਵੇਂ ਉਨ੍ਹਾਂ ਲਈ ਕੋਈ ਕੁਦਰਤ ਦਾ ਕਨੂੰਨ ਹੁੰਦਾ ਈ ਨਹੀਂ।

ਇਹ ਕੁਦਰਤ ਦਾ ਕਾਨੂੰਨ ਹੈ ਕੀ? ਅਸੀਂ ਸਮਝਦੇ ਹਾਂ ਕਿ ਜਿਵੇਂ ਪਰਜਾ ਦੇ ਪ੍ਰਬੰਧ ਲਈ ਸਰਕਾਰ ਨੇ ਨੇਮ ਬਣਾਏ ਹਨ, ਤਿਵੇਂ ਮਾਦੀ ਦੁਨੀਆਂ ਦੇ ਚਲਾਣ ਲਈ ਸਾਇੰਸ ਨੇ ਕੋਈ ਕਨੂੰਨ ਘੜੇ ਹਨ, ਜਿਨ੍ਹਾਂ ਦਾ ਆਤਮਕ ਦੁਨੀਆਂ ਨਾਲ ਕੋਈ ਸੰਬੰਧ ਨਹੀਂ। ਅਸਲ ਵਿਚ ਇਹ ਭੁਲੇਖਾ ਹੈ। ਕੁਦਰਤ ਦੇ ਕਨੂੰਨ ਸਾਇੰਸਦਾਨਾਂ ਨੇ ਨਹੀਂ ਬਣਾਏ, ਰੱਬ ਨੇ ਆਪ ਬਣਾਏ ਹਨ। ਬਣਾਏ ਵੀ ਕਾਹਨੂੰ? ਰੱਬ ਦੀ ਰਜ਼ਾ ਹੀ ਕੁਦਰਤ ਹੈ। ਇਹ ਰਜ਼ਾ ਮਾਦੀ ਤੇ ਆਤਮਕ ਦੋਹਾਂ ਮੰਡਲਾਂ ਵਿਚ ਕੰਮ ਕਰਦੀ ਹੈ। ਜਿਥੋਂ ਤਕ ਇਸ ਦਾ ਤੁਅੱਲਕ ਸਰੀਰਕ ਦੁਨੀਆਂ ਨਾਲ ਹੈ ਇਸ ਨੂੰ 'ਕੁਦਰਤ' ਕਹਿੰਦੇ ਹਨ, ਅਤੇ ਜਿਥੋਂ ਤਕ ਇਹ ਪਾਰ-ਸਰੀਰਕ ਦੁਨੀਆਂ ਵਿਚ ਕੰਮ ਕਰਦੀ ਹੈ ਇਸ ਨੂੰ ਆਤਮ-ਰਾਮ ਜਾਂ ਆਤਮ-ਜੋਤਿ ਕਹਿੰਦੇ ਹਨ। ਕੁਦਰਤ ਦੇ ਕਨੂੰਨ ਤੇ ਆਤਮ ਮੰਡਲ ਦੇ ਕਨੂੰਨ ਇਕੋ ਕਿਤਾਬ ਦੇ ਭਿੰਨ ਭਿੰਨ ਅਧਿਆ ਹਨ। ਇਕ ਦਾ ਗਿਆਨ ਸਾਇੰਸ ਤੋਂ ਮਿਲਦਾ ਹੈ, ਤੇ ਦੂਜੇ ਦਾ ਧਰਮ ਪੁਸਤਕਾਂ ਤੋਂ। ਹੈਣ ਦੋਵੇਂ ਹੀ ਰੱਬ ਦੀ

ー੧੬੪ー