ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/169

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨਵੀਆਂ ਸੋਚਾਂ

ਜ਼ਮਾਨੇ ਵਿਚ ਕੰਮ ਕਰਦਾ ਰਿਹਾ ਹੈ। ਉਹ ਇਹ ਹੈ ਕਿ ਲੋਕੀ ਰੱਬ ਦੀ ਕੋਈ ਸ਼ਖ਼ਸੀਅਤ ਜਾਂ ਆਚਰਣ ਨਹੀਂ ਸੀ ਮੰਨਦੇ। ਉਸ ਨੂੰ ਇਕ ਹੋਂਦ ਤਾਂ ਮੰਨਦੇ ਸਨ, ਪਰ ਖਾਲੀ ਜਹੀ, ਨਿਰੀ ਦਰਸ਼ਕ ਜਹੀ, ਇਕ ਪਸਰੀ ਹੋਈ ਮਹਾਨ ਤਾਕਤ ਜਿਸ ਦੀ ਕੋਈ ਆਪਣੀ ਠੁੱਕ ਤਮੀਜ਼ ਵਾਲੀ ਮਰਜ਼ੀ ਨਹੀਂ ਸੀ ਹੁੰਦੀ। ਫਿਰ ਜਦ ਉਸ ਨੂੰ ਇਕ ਸ਼ਖ਼ਸੀਅਤ ਦਿੱਤੀ ਭੀ ਗਈ, ਤਾਂ ਭੀ ਉਸ ਦਾ ਕੋਈ ਬਝਵਾਂ ਸੁਭਾ ਜਾਂ ਆਚਰਣ ਨਾ ਮੰਨਿਆ ਗਿਆ। ਜਿਵੇਂ ਚਾਹੇ, ਬਿਨਾਂ ਸੋਚੇ ਵਿਚਾਰੇ, ਇਕ ਨਿਕੀ ਜਹੀ ਗਲ ਤੋਂ ਗੁੱਸੇ ਹੋ ਕੇ ਕੌਮਾਂ ਦਾ ਘਾਣ ਕਰ ਛਡਣਾ, ਪੰਜ ਸਤ ਸਾਲ ਦੀਆਂ ਭੁੱਲਾਂ ਬਦਲੇ ਨਿਤਾਣੇ ਬੇਵਸ ਮਨੁੱਖਾਂ ਨੂੰ ਸਦੀਆਂ ਦੇ ਨਰਕਾਂ ਵਿਚ ਜਕੜ ਛਡਣਾ, ਕਦੀ ਕਿਸੇ ਪਾਪੀ ਦੇ ਅੰਤਲੇ ਸੁਆਸਾਂ ਨਾਲ ਭੁਲ ਕੇ 'ਨਾਰਾਇਣ' ਕਹਿ ਛਡਣ ਨਾਲ ਖੁਸ਼ ਹੋ ਜਾਣਾ ਤੇ ਸਾਰੀ ਉਮਰ ਦੇ ਗੁਨਾਹਾਂ ਨੂੰ ਬਖ਼ਸ਼ ਦੇਣਾ, ਅਤੇ ਕਦੀ ਕਿਸੇ ਟਬਰ ਦੇ ਸ਼ੋਰ ਕਰਨ ਨਾਲ ਇਕ ਰਿਸ਼ੀ ਦੀ ਬ੍ਰਿਤੀ ਉਚਾਟ ਹੋ ਜਾਣ ਤੇ ਇੱਨਾ ਗੁੱਸੇ ਹੋ ਜਾਣਾ ਕਿ ਉਸ ਵਿਚਾਰੇ ਟਬਰ ਨੂੰ ਇੱਕ ਨਜ਼ਰ ਨਾਲ ਭਸਮ ਕਰ ਕੇ ਭੀ ਰਾਜ਼ੀ ਨਾ ਹੋਣਾ, ਬਲਕਿ ਉਸਦੀ ਗਤੀ ਲਈ ਹਜ਼ਾਰਾਂ ਸਾਲ ਦੀ ਇਕ-ਟੰਗੀ ਭਗਤੀ ਕਰ ਕੇ ਗੰਗਾ ਲਿਆਣ ਉਤੇ ਮਜਬੂਰ ਕਰਨਾ! ਏਹੋ ਜਿਹੇ ਬੇਥਵੇ ਰੱਬ ਦੀ ਰਜ਼ਾ ਕੀ ਹੋ ਸਕਦੀ ਹੈ? ਬੇਥ੍ਹਵੀ। ਇਹੋ ਜਿਹੇ ਰੱਬ ਦੀ ਮਰਜ਼ੀ ਕਿਸੇ ਨੇਮ ਹੇਠਾਂ ਨਹੀਂ ਆ ਸਕਦੀ। ਜਿਵੇਂ ਲੋਕੀ ਵਕਤ ਦੇ ਪਾਤਸ਼ਾਹ ਨੂੰ ਖ਼ੁਦਸਰ, ਬੇਥ੍ਹਵੀ ਰਜ਼ਾ ਦਾ ਮਾਲਕ ਦੇਖਦੇ ਸਨ, ਉਸੇ ਤਰ੍ਹਾਂ ਦਾ ਰੱਬ ਮੰਨ ਲੈਂਦੇ ਸਨ। ਰਬ ਕੀ ਸੀ, ਇਕ ਵਡੇ ਦਰਜੇ ਦਾ ਮੁਗ਼ਲ ਸੀ।

ਪਰ ਮੌਜੂਦਾ ਸਮੇਂ ਵਿਚ ਜਿਵੇਂ ਸੰਸਾਰੀ ਪਾਤਸ਼ਾਹ ਬਾਬਤ ਖਿਆਲ ਬਦਲ ਗਿਆ ਹੈ, ਤਿਵੇਂ ਰੱਬ ਬਾਬਤ ਭੀ ਪੁਰਾਣਾ ਯਕੀਨ ਬਦਲ ਗਿਆ ਹੈ। ਹੁਣ ਅਸੀਂ ਖਿਆਲ ਕਰਨ ਲਗ ਪਏ ਹਾਂ ਕਿ ਰੱਬ ਦਾ ਆਪਣਾ ਇਕ-ਰਸ ਸੁਭਾ ਹੈ, ਇਕ ਨੇਮ-ਪਾਲੂ ਵਤੀਰਾ ਹੈ, ਅਤੇ ਉਹ ਨਿਕੀ ਨਿਕੀ ਗੱਲ ਪਿਛੇ

ー੧੬੬ー