ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੱਸਣਾ ਤੇ ਕੂਕਣਾ

ਤੇ ਸਿਆਣਾ ਮਲੂਮ ਹੁੰਦਾ ਹੈ।" ਹੋਰ ਭੀ ਵੱਡੇ ਵੱਡੇ ਪੀਰ ਪੈਗੰਬਰ ਲੋਕਾਂ ਦੀ ਮੂਰਖਤਾ ਨੂੰ ਵੇਖ ਕੇ ਜਾਂ ਮਨ ਦੀਆਂ ਡੂੰਘਿਆਈਆਂ ਤੋਂ ਨਿਕਲੇ ਹੋਏ ਗੁੱਝੇ ਵਿਗਾਸ ਦੇ ਕਾਰਣ ਮੁਸਕ੍ਰਾਉਂਦੇ ਦੱਸੇ ਗਏ ਹਨ; ਇਸ ਲਈ ਲੋਕੀ ਭੀ ਸਿਆਣਾ ਤੇ ਗੰਭੀਰ ਅਖਵਾਣ ਦੇ ਚਾ ਵਿਚ ਮੁਸਕ੍ਰਾਣ ਦੀ ਆਦਤ ਪਾ ਰਹੇ ਹਨ। ਕੋਈ ਦਿਨ ਆਵੇਗਾ ਕਿ ਹਾਸਾ ਸੰਸਾਰ ਤੋਂ ਬਿਲਕੁਲ ਲੋਪ ਹੋ ਜਾਵੇਗਾ। ਇਸ ਦੇ ਨਾਲ ਨਾਲ ਸਾਡੀ ਰਹਿਣੀ ਬਹਿਣੀ ਤੇ ਸਾਹਿੱਤ ਵਿੱਚੋਂ ਉੱਚੀ ਉੱਚੀ ਹਸਾਣ ਵਾਲੇ ਠੱਠੇ ਤੇ ਮਖੌਲ ਭੀ ਉੱਡ ਰਹੇ ਹਨ; ਨਿਰੀਆਂ ਬ੍ਰੀਕ ਬ੍ਰੀਕ ਮੁਸਕ੍ਰਾਣ ਵਾਲੀਆਂ ਗੱਲਾਂ ਵਧ ਰਹੀਆਂ ਹਨ।

ਹਾਸੇ ਦੇ ਨਾਲ ਨਾਲ ਉੱਚਾ ਕੂਕਣ ਦੀ ਆਦਤ ਭੀ ਜਾਂਦੀ ਰਹੀ ਹੈ। ਤੁਸਾਂ ਪਿੰਡਾਂ ਵਿਚ ਵੇਖਿਆ ਹੋਣਾ ਹੈ ਕਿ ਕਿਵੇਂ ਇਕ ਬੱਕਰੀਆਂ ਚਾਰਨ ਵਾਲਾ ਆਜੜੀ ਇਕ ਢੱਕੀ ਉੱਤੇ ਖਲੋਤਾ ਹੋਇਆ ਦੂਜੀ ਢਕੀ ਉਤੇ ਭੱਜੀ ਜਾਂਦੀ ਬੱਕਰੀ ਦੇ ਪਿੱਛੇ ਵੱਟਾ ਵਾਹ ਕੇ ਜ਼ੋਰ ਦੀ ਚੀਕ ਲਾਂਦਾ ਹੈ। ਉਸ ਨੂੰ ਆਪਣੀ ਅਵਾਜ਼ ਉੱਤੇ ਬੜਾ ਮਾਣ ਹੈ। ਜਦ ਉਹ ਆਪਣੇ ਸਾਥੀ ਨੂੰ (ਜੋ ਜ਼ਰਾ ਪਰ੍ਹੇ ਖੜੋਤਾ ਹੁੰਦਾ ਹੈ) ਅਵਾਜ਼ ਮਾਰਦਾ ਹੈ, ਤਾਂ ਭੀ ਲੋੜ ਤੋਂ ਵਧੀਕ ਉੱਚੀ ਚੀਕ ਕੱਢਦਾ ਹੈ। ਉਸ ਨੂੰ ਪਤਾ ਹੈ ਕਿ ਥੋੜੀ ਅਵਾਜ਼ ਭੀ ਪਹੁੰਚ ਜਾਵੇਗੀ, ਪਰ ਉਸ ਨੂੰ ਤਾਂ ਆਪਣੀ ਕੂਕ ਉੱਤੇ ਫ਼ਖ਼ਰ ਹੈ, ਅਤੇ ਉਸ ਨੂੰ ਜ਼ੋਰ ਦੀ ਅਵਾਜ਼ ਵਿਚ ਇਕ ਅਣੋਖਾ ਰਸ ਲੱਭਦਾ ਹੈ, ਜੋ ਕਮਰਿਆਂ ਦੇ ਅੰਦਰ ਬਹਿ ਕੇ ਘੁਸਮੁਸ ਕਰਨ ਵਾਲਿਆਂ ਨੂੰ ਮਲੂਮ ਨਹੀਂ ਹੋ ਸਕਦਾ। ਇਹ ਸਿੱਧੇ ਸਾਦੇ ਲੋਕ ਜਦ ਆਪਸ ਵਿਚ ਮਿਲਦੇ ਜਾਂ ਗੱਲਾਂ ਕਰਦੇ ਹਨ ਤਾਂ ਭੀ ਓਨਾ ਹੀ ਉੱਚਾ ਬੋਲਦੇ ਹਨ, ਜਿੰਨੀ ਘੁੱਟ ਕੇ ਜੱਫੀ ਪਾਂਦੇ ਹਨ।

ਪਰ ਤਹਿਜ਼ੀਬ ਇਸ ਦੇ ਉਲਟ ਹੈ। ਨਵੀਂ ਰੌਸ਼ਨੀ ਦੇ ਵਧਣ ਨਾਲ ਮਨੁੱਖਾਂ ਦੀ ਅਵਾਜ਼ ਮੱਧਮ ਪੈ ਰਹੀ ਹੈ। ਡਾਕਟਰ ਟੈਗੋਰ ਨਾਲ ਗੱਲਾਂ ਕਰੋ ਤਾਂ ਬੜਾ ਹੌਲੀ ਹੌਲੀ "ਸਪਤ ਪਾਤਾਲ ਕੀ ਬਾਣੀ" ਵਤ ਅਵਾਜ਼ ਕੱਢੇਗਾ।

ー੧੫ー