ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਸ-ਰਸ

ਹਾਸ-ਰਸ ਨਵੇਂ ਜ਼ਮਾਨੇ ਦੀ ਕਾਢ ਤਾਂ ਨਹੀਂ, ਪਰ ਇਸ ਰਸ ਦੀ ਲੋੜ ਨੂੰ ਇਸੇ ਸਮੇਂ ਨੇ ਅਪਣਾਇਆ ਹੈ। ਕਾਰਣ ਇਹ ਹੈ ਕਿ ਅਜ ਕਲ ਦੀ ਜ਼ਿੰਦਗੀ ਬੜੇ ਰੁਝੇਵੇਂ ਵਾਲੀ ਹੈ, ਜਿਸ ਨਾਲ ਨਾ ਕੇਵਲ ਸਰੀਰ ਹੀ ਆਕੜ ਜਾਂਦਾ ਹੈ, ਸਗੋਂ ਮਨ ਭੀ ਅੱਕ ਥੱਕ ਕੇ ਸੁੰਗੜ ਜਾਂਦਾ ਹੈ। ਇਸ ਨੂੰ ਅਰੋਗਤਾ ਤੋਂ ਇਲਾਵਾ ਕਿਸੇ ਅਜੇਹੇ ਤਜਰਬੇ ਜਾਂ ਵਰਤੋਂ ਦੀ ਲੋੜ ਰਹਿੰਦੀ ਹੈ ਜਿਸ ਨਾਲ ਸਰੀਰ ਦਾ ਅਕੜੇਵਾਂ ਤੇ ਮਨ ਦਾ ਸੁਕੜੇਵਾਂ ਦੂਰ ਹੋ ਜਾਵੇ ਅਤੇ ਇਹ ਫੇਰ ਤਾਜ਼ਾ ਤੇ ਨੌ-ਬਰ-ਨੌ ਹੋ ਕੇ ਕੰਮ ਵਿਚ ਜੁਟ ਪੈਣ। ਇਸ ਲੋੜ ਨੂੰ, ਇਸ ਵਰਤਮਾਨ ਸਮੇਂ ਦੀ ਖ਼ਾਸ ਲੋੜ ਨੂੰ ਨਿਰੀ ਨੇਕੀ, ਪਾਰਸਾਈ ਜਾਂ ਧਾਰਮਕ ਸੰਜਮ ਪੂਰਾ ਨਹੀਂ ਕਰ ਸਕਦੀ। ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਕਸਰਤ ਜਾਂ ਖੇਡ ਦੀ ਲੋੜ ਹੈ। ਸ਼ਾਇਦ ਕੇਸ਼ਬ ਚੰਦਰ ਸੇਨ ਨੇ ਇਸੇ ਲਈ ਕਿਹਾ ਸੀ ਕਿ ਕਈ ਵੇਰ ਤੁਸੀਂ ਫੁਟ-ਬਾਲ ਖੇਡ ਕੇ ਰੱਬ ਦੇ ਉੱਨੇ ਹੀ ਨੇੜੇ ਹੋ ਸਕਦੇ ਹੋ ਜਿੱਨੇ ਕਿ ਗੀਤਾ ਦਾ ਪਾਠ ਕਰ ਕੇ। ਉਸ ਦਾ ਭਾਵ ਇਹ ਨਹੀਂ ਸੀ ਕਿ ਗੀਤਾ ਦਾ ਪਾਠ ਕਰਨਾ ਚੰਗਾ ਨਹੀਂ। ਉਹ ਕੇਵਲ ਇਹ ਦਸਣਾ ਚਾਹੁੰਦਾ ਸੀ ਕਿ ਖੇਡ ਭੀ ਸਰੀਰ ਨੂੰ ਚੁਸਤ ਬਣਾ ਕੇ ਮਨ ਨੂੰ ਨਿਖਾਰਦੀ ਤੇ ਤਿਆਰ-ਬਰ-ਤਿਆਰ ਕਰਦੀ ਹੈ; ਨਹੀਂ ਤਾਂ ਰੋਗੀ ਸਰੀਰ ਵਾਲਾ ਆਦਮੀ ਮਨ ਕਰਕੇ ਭੀ ਕ੍ਰਿਝੂ ਤੇ ਸੁਕੜੂ ਜਿਹਾ ਬਣ ਜਾਂਦਾ ਹੈ। ਉਸ ਵਿਚ ਮਨੁਖਾਂ ਲਈ ਹਮਦਰਦੀ ਦੀ ਲਿਚਕ ਨਹੀਂ ਰਹਿੰਦੀ ਅਤੇ ਨਾ ਹੀ ਪਰਮਾਨੰਦ ਹਰੀ ਨੂੰ ਆਪਣੇ ਅੰਦਰ ਵਸਾਉਣ ਦੀ ਸਮ੍ਰਥਾ। ਕਦੀ ਸਮਾਂ ਸੀ ਕਿ ਸਿਆਣੇ ਲੋਕੀ ਮਨ ਨੂੰ ਅਸਲ ਚੀਜ਼ ਸਮਝਦੇ ਤੇ ਏਸੇ ਨੂੰ ਗਹੁ ਨਾਲ

ー੧੭ー