ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/48

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਘਰ ਦਾ ਪਿਆਰ

ਦਾ ਘਟ ਅਸਰ ਸੀ, ਜਿਸ ਨੇ ਬਚਪਨ ਵਿਚ ਲੋਰੀਆਂ ਦੇ ਕੇ ਕੁਛੜ ਚੁਕ ਕੇ ਪਾਲਿਆ ਸੀ ਅਤੇ ਪਿਤਾ ਦੀਆਂ ਚਪੇੜਾਂ ਤੋਂ ਬਚਾਇਆ ਅਤੇ ਖਰੇ ਸੌਦੇ ਕਰਦਿਆਂ ਸਲਾਹਿਆ ਤੇ ਉਤਸ਼ਾਹਿਆ ਸੀ? ਜੇ ਉਹ 'ਨਾਨਕ' ਸਨ ਤਾਂ ਕੀ ਉਹ 'ਨਾਨਕੀ' ਨਹੀਂ ਸੀ?

ਕੀ ਮੁਹੰਮਦ ਸਾਹਿਬ ਦੀ ਜ਼ਿੰਦਗੀ ਉਤੇ ਉਨ੍ਹਾਂ ਦੀ ਬੀਵੀ ਖ਼ਦੀਜਾ ਦਾ ਅਸਰ ਘਟ ਸੀ, ਜਿਸ ਨੇ ਔਖੇ ਤੋਂ ਔਖੇ ਵੇਲੇ ਉਨ੍ਹਾਂ ਦੀ ਮਦਦ ਕੀਤੀ ਤੇ ਉਨ੍ਹਾਂ ਦੇ ਜੀਵਣ-ਆਦਰਸ਼ ਨੂੰ ਸਭ ਤੋਂ ਪਹਿਲਾਂ ਸਮਝ ਕੇ ਉਸ ਵਿਚ ਯਕੀਨ ਕੀਤਾ ਅਤੇ ਸਦਾ ਹੌਸਲਾ ਵਧਾਇਆ? ਜਦ ਹਜ਼ਰਤ ਮੁਹੰਮਦ ਨੂੰ ਰੱਬ ਵਲੋਂ ਬਾਣੀ ਉਤਰਦੀ ਸੀ ਤਾਂ ਉਹ ਥਕ ਕੇ ਇੰਨੇ ਨਿਸਲ ਹੋ ਜਾਂਦੇ ਸਨ ਕਿ ਉਨ੍ਹਾਂ ਨੂੰ ਅਰਾਮ ਦੇ ਕੇ ਮੁੜ ਅਸਲੀ ਹਾਲਤ ਤੇ ਲਿਆਉਣ ਵਾਲੀ ਖ਼ਦੀਜਾ ਹੀ ਸੀ, ਜੋ ਉਨ੍ਹਾਂ ਦਾ ਸਿਰ ਆਪਣੇ ਪੱਟਾਂ ਉਤੇ ਰਖ ਕੇ ਪਿਆਰ ਨਾਲ ਸਭ ਥਕੇਵੇਂ ਦੂਰ ਕਰ ਦਿੰਦੀ ਸੀ।

ਜੇ ਕਾਰਲਾਈਲ ਆਪਣੀ ਤੀਵੀਂ ਨੂੰ ਪਿਆਰ ਕਰਦਾ ਤਾਂ ਉਹ ਇੰਨਾ ਕ੍ਰਿਝੂ ਤੇ ਸੜੂ ਨਾ ਹੁੰਦਾ। ਉਹ ਆਪਣੇ ਕਮਰੇ ਵਿਚ ਬੈਠਾ ਪੜ੍ਹਦਾ ਜਾਂ ਲਿਖਦਾ ਰਹਿੰਦਾ ਸੀ, ਅਤੇ ਉਸ ਦੀ ਵਹੁਟੀ ਵਖ ਬਰਾਂਡੇ ਵਿਚ ਬੈਠੀ ਆਏ ਗਏ ਨੂੰ ਤ੍ਰਾਂਹਦੀ ਰਹਿੰਦੀ। ਜਦ ਕਦੀ ਉਹ ਹੀਆ ਕਰ ਕੇ ਉਸ ਦੇ ਕਮਰੇ ਦਾ ਬੂਹਾ ਖੋਲ੍ਹ ਕੇ ਅੰਦਰ ਝਾਕਦੀ ਤਾਂ ਉਹ ਖਿਝ ਕੇ ਖਾਣ ਨੂੰ ਪੈਂਦਾ ਅਤੇ ਉਸ ਨੂੰ ਤ੍ਰਾਹ ਕੇ ਬਾਹਰ ਕੱਢ ਦਿੰਦਾ। ਉਸ ਦਾ ਸਾਰੇ ਸੰਸਾਰ ਨੂੰ 'ਚੁੱਪ' ਦੇ ਮਜ਼ਮੂਨ ਉਤੇ ਅਮੁੱਕ ਸਿਖਿਆ ਦੇਣ ਦਾ ਕੀ ਲਾਭ ਜਦ ਉਸ ਦੀ ਆਪਣੀ ਕਲਮ ਚੁਪ ਨਹੀਂ ਕਰਦੀ ਅਤੇ ਅਹਿਮਕ ਨਾਈ ਦੀ ਕੈਂਚੀ ਵਾਕਰ ਲੁਤਰ ਲੁਤਰ ਕਰਦੀ ਰਹਿੰਦੀ ਹੈ? ਉਸ ਦਾ ਲੰਮੇ ਲੰਮੇ ਲੇਖ ਲਿਖ ਕੇ ਲੋਕਾਂ ਨੂੰ ਚਾਬਕ ਵਰਗੀ ਵਰ੍ਹਦੀ ਤਾੜਨਾ ਕਰਨ ਦਾ ਕੀ ਲਾਭ ਜੇ ਉਹ ਆਪ ਇਕ ਘਰ ਦੀ ਸੁਆਣੀ ਨੂੰ ਭੀ ਅਰਾਮ ਨਾ ਦੇ ਸਕਿਆ?

ਅਜ ਕਲ ਬਹੁਤ ਸਾਰੀ ਦੁਰਾਚਾਰੀ ਦਾ ਕਾਰਣ ਘਰੋਗੀ ਵਸੋਂ ਦਾ

ー੪੫ー