ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੰਗਾ ਦੀਨ

ਲੋਕੀ ਵੱਡੀਆਂ ਦੁਕਾਨਾਂ ਦੇ ਬਿਲ ਚੋਖਾ ਚੋਖਾ ਚਿਰ ਰੋਕ ਛਡਦੇ ਹਨ, ਪਰ ਗੰਗਾ ਦੀਨ ਦਾ ਬਿਲ ਕੋਈ ਨਹੀਂ ਸੀ ਰੋਕਦਾ। ਸਭ ਨੂੰ ਪਤਾ ਹੁੰਦਾ ਸੀ ਕਿ ਉਸ ਵਿਚਾਰੇ ਦਾ ਏੱਨਾ ਪਾਹਣਾ ਨਹੀਂ। ਉਹ ਤਾਂ ਇਕ ਮਿਹਨਤੀ ਸੀ ਤੇ ਰੋਜ਼ ਮਜੂਰੀ ਕਰ ਕੇ ਰੋਟੀ ਖਾਂਦਾ ਸੀ। ਜੇ ਉਸ ਦੇ ਅੱਗਲੇ ਪੈਸੇ ਦੇਣੇ ਹੋਣ ਤਾਂ ਉਸ ਕੋਲ ਜਾਂਦਿਆਂ ਹੀ ਸ਼ਰਮ ਆਉਂਦੀ ਸੀ। ਉਸ ਦਾ ਗਾਹਕ ਵਰ੍ਹੇ ਛਿਮਾਹੀ ਹੀ ਉਸ ਵਲ ਫੇਰਾ ਪਾਉਂਦਾ ਸੀ, ਕਿਉਂਕਿ ਉਸ ਦੇ ਬਣਾਏ ਬੂਟ ਥੋੜੇ ਕੀਤੇ ਟੁਟਦੇ ਨਹੀਂ ਸਨ।

ਉਸ ਦੀ ਦੁਕਾਨ ਉਤੇ ਹੋਰਨਾਂ ਦੁਕਾਨਾਂ ਵਾਂਗੂੰ ਕਾਹਲੀ ਵਿਚ ਨਹੀਂ ਸੀ ਜਾਈਦਾ, ਸਗੋਂ ਓਥੇ ਤਾਂ ਓਨੇ ਠੰਢੇ ਦਿਲ ਨਾਲ ਜਾਈਦਾ ਸੀ, ਜਿੱਨੇ ਨਾਲ ਧਾਰਮਕ ਮੰਦਰ ਵਿਚ। ਬਹੁਤ ਕਰਕੇ ਦੁਕਾਨ ਖ਼ਾਲੀ ਪਈ ਰਹਿੰਦੀ ਸੀ ਤੇ ਉਥੇ ਲੋਹੇ ਦੀ ਕੁਰਸੀ ਉਤੇ ਗਾਹਕ ਜਾ ਕੇ ਕੁਝ ਪਲ ਬੈਠਾ ਰਹਿੰਦਾ ਸੀ। ਉਚਰ ਨੂੰ ਛਤ ਉਤੋਂ ਜਾਂ ਦੁਕਾਨ ਦੇ ਦੂਜੇ ਸਿਰੇ ਤੋਂ ਬੜੇ ਭਾਰੇ ਭਾਰੇ ਸਲੀਪਰਾਂ ਦੀ ਅਵਾਜ਼ ਸੁਣੀਂਦੀ ਸੀ ਤੇ ਗੰਗਾ ਦੀਨ ਜਾਂ ਉਸ ਦਾ ਭਰਾ ਗਾਹਕ ਦੇ ਸਾਹਮਣੇ ਆ ਪੁਜਦਾ ਸੀ। ਉਹ ਰਤਾ ਕੋਡਾ ਹੋ ਕੇ ਗਾਹਕ ਨੂੰ ਪੁਛਦਾ, 'ਆਓ ਜੀ?' ਉਸ ਦੇ ਚਿਹਰੇ ਤੋਂ ਇਉਂ ਜਾਪਦਾ ਜਿਵੇਂ ਬੂਟਾਂ ਦੇ ਕਿਸੇ ਸੁਫਣੇ ਵਿਚੋਂ ਜਾਗਿਆ ਹੁੰਦਾ ਹੈ।

ਓਸ ਵੇਲੇ ਮੈਂ ਉਸ ਨੂੰ ਕਹਿੰਦਾ ਸਾਂ, 'ਸੁਣਾਓ, ਗੰਗਾ ਦੀਨ, ਕੀ ਹਾਲ ਹੈ? ਮੈਨੂੰ ਇਕ ਕਾਲਾ ਬੂਟ ਚਾਹੀਦਾ ਹੈ।'

ਉਹ ਬਿਨਾਂ ਕੁਝ ਬੋਲਣ ਦੇ ਮੇਰੇ ਕੋਲੋਂ ਚਲਾ ਜਾਂਦਾ ਸੀ ਤੇ ਦੁਕਾਨ ਦੇ ਓਸੇ ਸਿਰੇ ਤੇ ਜਾ ਪੁਜਦਾ ਸੀ ਜਿਥੋਂ ਉਹ ਆਇਆ ਸੀ। ਮੈਂ ਉਸੇ ਕੁਰਸੀ ਤੇ ਬੈਠਾ ਚਮੜੇ ਦੀ ਬੋ ਸੁੰਘਦਾ ਰਹਿੰਦਾ ਸਾਂ। ਜਲਦੀ ਹੀ ਉਹ ਚਮੜੇ ਦਾ ਇਕ ਟੋਟਾ ਹੱਥ ਵਿਚ ਫੜੀ ਆ ਜਾਂਦਾ ਸੀ ਤੇ ਕਹਿੰਦਾ ਸੀ, 'ਦੇਖੋ ਜੀ, ਇਹ ਕਿੱਡਾ ਸੋਹਣਾ ਟੋਟਾ ਹੈ!' ਜਦੋਂ ਮੈਂ ਭੀ ਉਸ ਦੇ

ー੬੩ー