ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਸੋਹਲੇ ਗਾ ਚੁਕਦਾ ਤਾਂ ਉਹ ਪੁਛਦਾ, 'ਤੁਹਾਨੂੰ ਬੂਟ ਕਦੋਂ ਚਾਹੀਦਾ ਹੈ?' ਮੇਰਾ ਉਤਰ ਹੁੰਦਾ, 'ਜਦੋਂ ਤੁਸੀਂ ਸੌਖ ਨਾਲ ਦੇ ਸਕੋ।' ਤਾਂ ਉਹ ਸੋਚ ਸੋਚ ਕੇ ਕਹਿੰਦਾ, 'ਹਛਾ ਜੀ, ਅਜ ਤੋਂ ਪੰਦਰਵੇਂ ਦਿਨ ਸਹੀ।' ਜੇ ਗੰਗਾ ਦੀਨ ਦਾ ਵੱਡਾ ਭਰਾ ਹੁੰਦਾ ਤਾਂ ਉਹ ਕਹਿੰਦਾ, 'ਮੈਂ ਆਪਣੇ ਭਰਾ ਨੂੰ ਪੁਛਾਂਗਾ।'

ਫਿਰ ਮੈਂ ਉਠ ਬਹਿੰਦਾ ਸਾਂ ਤੇ ਮੈਨੂੰ ਦੁਕਾਨ ਤੋਂ ਜਾਂਦੇ ਨੂੰ ਵੇਖ ਕੇ ਉਹ 'ਸਤਿ ਸ੍ਰੀ ਅਕਾਲ' ਬੁਲਾ ਦੇਂਦਾ ਸੀ, ਪਰ ਉਸ ਦੀ ਨਜ਼ਰ ਅਜੇ ਵੀ ਉਸ ਚਮੜੇ ਉਤੇ ਹੀ ਗਡੀ ਹੁੰਦੀ ਸੀ।

ਜੇ ਭਲਾ ਕੋਈ ਨਵੀਂ ਕਿਸਮ ਦਾ ਬੂਟ ਬਣਾਉਣਾ ਹੁੰਦਾ, ਜਿਸ ਦੇ ਨਾਲ ਦਾ ਉਸ ਨੇ ਕਦੇ ਮੇਰੇ ਲਈ ਨਾ ਬਣਾਇਆ ਹੋਵੇ ਤਾਂ ਉਹ ਮੇਰੇ ਪੈਰੋਂ ਬੂਟ ਲੁਹਾ ਲੈਂਦਾ ਅਤੇ ਮੇਰੇ ਪੈਰ ਤੇ ਬੂਟ ਨੂੰ ਡਾਢੇ ਪਿਆਰ ਤੇ ਰੀਝ ਨਾਲ ਵੇਖਦਾ। ਉਸ ਦੀ ਤੱਕਣੀ ਤੋਂ ਇਉਂ ਜਾਪਦਾ ਸੀ ਜਿਵੇਂ ਉਹ ਪਹਿਲਾ ਬੂਟ ਬਣਾਉਣ ਵਾਲੇ ਕਾਰੀਗਰ ਦੇ ਚਿਤ ਤਕ ਪੁਜਣ ਦੀ ਕੋਸ਼ਸ਼ ਕਰ ਰਿਹਾ ਹੈ। ਜੇ ਉਸ ਨੂੰ ਉਸ ਵਿਚ ਕੋਈ ਨੁਕਸ ਦਿਸਦਾ ਤਾਂ ਉਸ ਦਾ ਚਿਹਰਾ ਬਦਲ ਜਾਂਦਾ ਤੇ ਇਹੋ ਜਾਪਦਾ ਕਿ ਉਹ ਕਾਰੀਗਰ ਨੂੰ ਲਾਹਨਤਾਂ ਪਾ ਰਿਹਾ ਹੈ, ਜੋ ਉਸ ਨੇ ਕਿਉਂ ਏਡੇ ਚੰਗੇ ਕੰਮ ਨੂੰ ਇਸ ਬੇਪਰਵਾਹੀ ਨਾਲ ਕੀਤਾ ਹੈ। ਫੇਰ ਉਹ ਮੇਰੇ ਪੈਰ ਨੂੰ ਇਕ ਕਾਗਜ਼ ਉਤੇ ਰਖਦਾ ਤੇ ਦੋ ਤਿੰਨ ਵਾਰੀ ਉਸ ਦੇ ਆਲੇ ਦੁਆਲੇ ਲੀਕ ਵਾਹੁੰਦਾ। ਫਿਰ ਉਹ ਮੇਰੀਆਂ ਉਂਗਲਾਂ ਨੂੰ ਟੋਂਹਦਾ ਤੇ ਇਉਂ ਮੇਰੇ ਪੈਰਾਂ ਦੀਆਂ ਲੋੜਾਂ ਨੂੰ ਜਾਚਦਾ।

ਉਸ ਦੀ ਹੱਟੀ ਦਾ ਇਕ ਸਾਕਾ ਮੈਨੂੰ ਕਦੇ ਨਹੀਂ ਭੁੱਲ ਸਕਦਾ। ਮੈਂ ਉਸ ਦੀ ਹੱਟੀ ਤੇ ਗਿਆ ਤੇ ਕਿਹਾ, 'ਗੰਗਾ ਦੀਨ, ਤੁਹਾਡਾ ਪਿਛਲਾ ਬੂਟ ਬੜੀ ਛੇਤੀ ਟੁੱਟ ਗਿਆ ਹੈ।'

ਉਹ ਕੁਝ ਚਿਰ ਚੁਪ ਚਾਪ ਮੇਰੇ ਵਲ ਵੇਖਦਾ ਰਿਹਾ, ਜਿਵੇਂ ਕਿਤੇ ਉਹ ਇਸ ਉਡੀਕ ਵਿਚ ਹੁੰਦਾ ਹੈ ਕਿ ਮੈਂ ਆਪਣੀ ਕਹੀ ਹੋਈ ਗੱਲ ਨੂੰ

ー੬੪ー