ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਠੰਢਾ ਕਰ ਸਟਦੀ ਸੀ। ਉਸ ਨੇ ਬਹਿ ਕੇ ਮੇਰੇ ਖਬੇ ਬੂਟ ਨੂੰ ਉਥੋਂ ਹੀ ਨੱਪਿਆ ਜਿੱਥੋਂ ਉਹ ਲਗਦਾ ਸੀ ਤੇ ਕਹਿਣ ਲੱਗਾ, 'ਇਹ ਬੂਟ ਤੁਹਾਨੂੰ ਇਥੋਂ ਲਗਦਾ ਹੈ। ਇਨ੍ਹਾਂ ਵਡੀਆਂ ਦੁਕਾਨਾਂ ਨੂੰ ਆਪਣੀ ਇਜ਼ਤ ਦੀ ਕੋਈ ਪਰਵਾਹ ਨਹੀਂ ਹੁੰਦੀ।' ਫਿਰ ਉਹ ਕਿੰਨਾ ਚਿਰ ਹੀ ਬੋਲਦਾ ਰਿਹਾ। ਸਾਰੀ ਜ਼ਿੰਦਗੀ ਵਿਚ ਇਹ ਪਹਿਲਾ ਤੇ ਅਖ਼ੀਰੀ ਸਮਾਂ ਸੀ ਜਦ ਮੈਂ ਉਸ ਨੂੰ ਬੂਟਾਂ ਦੇ ਕੰਮ ਤੇ ਵਪਾਰ ਦੀਆਂ ਔਖਿਆਈਆਂ ਬਾਬਤ ਵਿਚਾਰ ਕਰਦਿਆਂ ਸੁਣਿਆ। ਉਹ ਫਿਰ ਬੋਲਿਆ, 'ਓਹ ਇਸ਼ਤਿਹਾਰ ਕਰ ਕਰ ਕੇ ਗਾਹਕ ਫਸਾ ਲੈਂਦੇ ਹਨ। ਪੈਸੇ ਭੀ ਚੰਗੇ ਮੁਛਦੇ ਹਨ। ਕੰਮ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ। ਮੈਨੂੰ ਭੀ ਇਕ ਦੋ ਦੁਕਾਨਾਂ ਵਾਲਿਆਂ ਆਖਿਆ ਹੈ ਕਿ ਸਾਨੂੰ ਬੂਟ ਬਣਾ ਕੇ ਦੇ ਦਿਆ ਕਰ, ਪਰ ਮੈਥੋਂ ਬਜ਼ਾਰੀ ਕੰਮ ਨਹੀਂ ਕਰਨ ਹੁੰਦਾ। ਅਸੀਂ ਆਖਦੇ ਹਾਂ ਥੋੜ੍ਹਾ ਕਰੋ, ਪਰ ਸੋਹਣਾ ਕਰੋ। ਓਹ ਕਹਿੰਦੇ ਹਨ, ਅਸਾਂ ਪੈਸੇ ਕੱਠੇ ਕਰਨੇ ਹਨ। ਸਾਨੂੰ ਕੀ ਭਾਵੇਂ ਬੂਟ ਰਾਹ ਵਿਚ ਹੀ ਟੁਟ ਜਾਵੇ? ਉਹ ਏਥੇ ਆਉਂਦੇ ਹਨ ਤੇ ਸਦਾ ਸਸਤਾ-ਮੇਲ ਚੀਜ਼ ਬਣਾਉਣ ਲਈ ਕਹਿੰਦੇ ਹਨ, ਪਰ ਨਾਲ ਇਹ ਆਖਦੇ ਹਨ ਕਿ ਬਾਹਰੋਂ ਬੜਾ ਚਮਕਦਾ ਹੋਵੇ। ਉਨ੍ਹਾਂ ਦੀ ਤਾਂ ਉਹ ਗੱਲ ਹੈ ਪਈ ਲਾਗੀਆਂ ਲਾਗ ਲੈ ਲੈਣਾ ਏਂ, ਪਰਾਈ ਧੀ ਭਾਵੇਂ ਘਰ ਜਾਂਦਿਆਂ ਹੀ ਰੰਡੀ ਬਹਿ ਜਾਏ।

ਸਾਥੋਂ ਤਾਂ ਜੀ ਇਹ ਪਾਪ ਨਹੀਂ ਹੁੰਦਾ; ਅਸੀਂ ਤਾਂ ਚੀਜ਼ ਚੰਗੀ ਬਣਾਉਂਦੇ ਹਾਂ। ਚੰਗੀ ਚੀਜ਼ ਦਾ ਗਾਹਕ ਅਜ ਕਲ ਬੜਾ ਘਟ ਹੈ, ਪਰ ਉਹ ਜਾਣੇ! ਸਾਨੂੰ ਇਹੀ ਬੜੀ ਖੁਸ਼ੀ ਹੈ ਕਿ ਅਸੀਂ ਚੀਜ਼ ਮਿਹਨਤ ਨਾਲ ਬਣਾਈ ਹੈ। ਏਨ੍ਹਾਂ ਲੋਕਾਂ ਨੇ ਰੱਦੀ ਚੀਜ਼ਾਂ ਦੇ ਕੇ ਭਾ ਭੀ ਬੜੇ ਘਟਾ ਛਡੇ ਹਨ। ਚੰਗੀ ਚੀਜ਼ ਉਸ ਲੇਖੇ ਪੁਗਦੀ ਨਹੀਂ। ਪਰ ਕੀ ਕਰੀਏ?'

ਜਦ ਉਹ ਇਹ ਗੱਲਾਂ ਕਰ ਰਿਹਾ ਸੀ ਤਾਂ ਮੈਂ ਉਸ ਦੇ ਚਿਹਰੇ ਤੇ ਉਹ ਕੁਝ ਵੇਖਿਆ ਜੋ ਅਗੇ ਕਦੇ ਨਹੀਂ ਸੀ ਵੇਖਿਆ। ਮੈਂ ਦੇਖਿਆ ਕਿ ਉਹ ਦੁਖੀ ਹੈ। ਉਹ ਅਚਨਚੇਤ ਅਜ ਮੈਨੂੰ ਅੱਗੇ ਨਾਲੋਂ ਕਈ ਗੁਣਾ

ー੬੬ー