ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/73

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨਵੀਆਂ ਸੋਚਾਂ

ਮੈਂ ਕਿਹਾ, 'ਹਾਂ, ਹਾਂ, ਮੈਨੂੰ ਬੂਟ ਚਾਹੀਦੇ ਨੇ।'

ਉਹ ਆਖਣ ਲਗਾ, 'ਤਾਂ ਫਿਰ ਮੈਂ ਨਵਾਂ ਮੇਚਾ ਲੈਂਦਾ ਹਾਂ। ਤੁਹਾਡਾ ਪੈਰ ਜ਼ਰੂਰ ਅੱਗੇ ਨਾਲੋਂ ਥੋੜਾ ਬਹੁਤ ਵਡਾ ਹੋ ਗਿਆ ਹੋਣਾ ਹੈ।' ਇਹ ਕਹਿ ਕੇ ਉਸ ਨੇ ਅੱਗੇ ਵਾਂਗ ਹੀ ਮੇਰੇ ਦੋਹਾਂ ਪੈਰਾਂ ਦਾ ਖ਼ਾਕਾ ਖਿਚਿਆ ਤੇ ਉਂਗਲਾਂ ਦੇ ਨਿਵਾਣ ਉਚਾਣ ਨੂੰ ਜਾਚਿਆ। ਇਹ ਕੰਮ ਕਰਦਿਆਂ ਉਸ ਕੇਵਲ ਇਕੋ ਵਾਰੀ ਉਤਾਂਹ ਤਕਿਆ ਤੇ ਕਹਿਣ ਲਗਾ, 'ਮੈਂ ਖਵਰੇ ਤੁਹਾਨੂੰ ਦਸਿਆ ਸੀ ਕਿ ਨਹੀਂ ਕਿ ਮੇਰਾ ਵੱਡਾ ਭਰਾ ਗੁਜ਼ਰ ਗਿਆ ਹੈ।'

ਉਹ ਇੰਨਾ ਲਿੱਸਾ ਹੋ ਚੁਕਾ ਸੀ ਕਿ ਉਸ ਵਲ ਵੇਖਦਿਆਂ ਹੀ ਤਰਸ ਆਉਂਦਾ ਸੀ। ਉਥੋਂ ਬਾਹਰ ਨਿਕਲ ਆਉਣ ਤੇ ਹੀ ਮੈਨੂੰ ਸੁਖ ਦਾ ਸਾਹ ਆਇਆ।

ਮੈਂ ਉਨ੍ਹਾਂ ਬੂਟਾਂ ਦੀ ਆਸ ਲਾਹ ਬੈਠਾ ਸਾਂ, ਜੋ ਇਕ ਦਿਨ ਓਹ ਮੇਰੇ ਘਰ ਆ ਪੁਜੇ। ਮੈਂ ਚਾਰੇ ਜੋੜੇ ਇਕ ਪਾਲ ਵਿਚ ਰਖ ਲਏ। ਮੈਂ ਇਕ ਇਕ ਕਰਕੇ ਉਨ੍ਹਾਂ ਨੂੰ ਪੈਰੀਂ ਪਾ ਕੇ ਵੇਖਿਆ। ਸ਼ਕਲ ਵਿਚ, ਮੇਰੇ ਆਉਣ ਵਿਚ, ਬਣਾਉਣ ਦੀ ਕਾਰੀਗਰੀ ਵਿਚ ਤੇ ਚਮੜੇ ਦੀ ਚੰਗਿਆਈ ਵਿਚ ਓਹ ਉਸ ਦੇ ਪਹਿਲੇ ਬਣੇ ਸਭ ਬੂਟਾਂ ਨਾਲੋਂ ਵਧੀਆ ਸਨ। ਇਕ ਬੂਟ ਦੇ ਤਸਮਿਆਂ ਵਿਚ ਉਸ ਨੇ ਆਪਣਾ ਸਿਧਾ ਜਿਹਾ ਬਿਲ ਅੜੁੰਗਿਆ ਹੋਇਆ ਸੀ। ਪੈਸੇ ਤਾਂ ਅਗੇ ਜਿੰਨੇ ਹੀ ਸਨ, ਪਰ ਅੱਗੇ ਕਦੇ ਉਸ ਨੇ ਨਾਲ ਹੀ ਬਿਲ ਨਹੀਂ ਸੀ ਭੇਜਿਆ, ਸਗੋਂ ਛੇਈਂ ਮਹੀਨੀਂ ਕੱਠਾ ਲੇਖਾ ਕਰੀਦਾ ਸੀ ਤੇ ਲੰਘਦਿਆਂ ਲੰਘਦਿਆਂ ਕਦੇ ਸਹਿਜ-ਭਾ ਨਾਲ ਆਪੇ ਦੇ ਆਈਦੇ ਸਨ। ਮੈਨੂੰ ਸੁਝ ਗਈ ਕਿ ਉਸ ਨੂੰ ਡਾਢੀ ਹੀ ਲੋੜ ਪਈ ਹੋਣੀ ਹੈ। ਮੈਂ ਓਸੇ ਵੇਲੇ ਨੌਕਰ ਹਥ ਪੈਸੇ ਭੇਜ ਦਿੱਤੇ।

੧੦ ਕੁ ਦਿਨ ਪਿਛੋਂ ਮੈਂ ਉਧਰੋਂ ਲੰਘ ਰਿਹਾ ਸਾਂ। ਮੈਂ ਸੋਚਿਆ ਗੰਗਾ ਦੀਨ ਨੂੰ ਦੱਸ ਹੀ ਚਲੀਏ ਕਿ ਉਸ ਦੇ ਬੂਟ ਬਹੁਤ ਸੋਹਣੇ ਆਏ

ー੭੦ー