ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਇਨ੍ਹਾਂ ਦੇ ਦੁਆਲੇ ਜਾਤਿ-ਪਾਤਿ ਤੇ ਛੂਤ ਛਾਤ ਦੀਆਂ ਕੰਧਾਂ ਉਸਾਰ ਕੇ ਵਰਣ-ਆਸ਼੍ਰਮ ਦੀ ਕਿਲ੍ਹਾ-ਬੰਦੀ ਕਰ ਦਿਤੀ। ਇਹ ਸਾਧਨ ਮੁਦਤਾਂ ਤੀਕ ਹੁੰਦੀਆਂ ਨੂੰ ਖੇਰੂ ਖੇਰੂ ਹੋਣ ਤੋਂ ਬਚਾਂਦੇ ਰਹੇ। ਪਰ ਜਦ ਭੀ ਇਹ ਗਊਆਂ ਕਿਲ੍ਹੇ ਤੋਂ ਬਾਹਰ ਮਦਾਨ ਵਿਚ ਆਉਂਦੀਆਂ, ਕਿਸੇ ਨਾ ਕਿਸੇ ਸ਼ੇਰ ਦਾ ਸ਼ਿਕਾਰ ਬਣ ਜਾਂਦੀਆਂ। ਗੁਰੂ ਨਾਨਕ ਦੇਵ ਨੇ ਇਕ ਸਚੇ ਆਗੂ ਦੀ ਤਰ੍ਹਾਂ ਇਨ੍ਹਾਂ ਦੇ ਬਚਾਉ ਦਾ ਪੱਕਾ ਤੇ ਸਦੀਵੀ ਪ੍ਰਬੰਧ ਕਰਨ ਦੀ ਸਲਾਹ ਕੀਤੀ। ਇਨ੍ਹਾਂ ਨੇ ਇਨ੍ਹਾਂ ਗਊਆਂ ਨੂੰ ਹੀ ਸ਼ੇਰ ਬਣਾ ਦੇਣ ਦਾ ਖਿਆਲ ਕੀਤਾ, ਤਾਕਿ ਅੰਦਰਲੀਆਂ ਬਾਹਰਲੀਆਂ ਕਮਜ਼ੋਰੀਆਂ ਦੂਰ ਹੋ ਕੇ ਹਰ ਤਰ੍ਹਾਂ ਦੇ ਹਮਲਾ-ਆਵਰਾਂ ਤੋਂ ਬਚ ਕੇ ਰਹਿਣ ਦਾ ਹੀਆ ਕਰ ਸਕਣ। ਸਿਖ ਇਤਿਹਾਸ ਵਿਚ ਇਸੇ ਕੌਮੀ ਉਸਾਰੀ ਦਾ ਜ਼ਿਕਰ ਹੈ ਕਿ ਕਿਸ ਤਰ੍ਹਾਂ ਨਿਮਾਣੀਆਂ ਗਊਆਂ ਵਰਗੇ ਲੋਕ ਉਪਰੋਥੱਲੀ ਦਸ ਆਗੂਆਂ ਦੀ ਅਮਲੀ ਸਿਖਿਆ ਤੇ ਅਗਵਾਈ ਨਾਲ ਤਕੜੇ ਹੁੰਦੇ ਗਏ, ਅਤੇ ਅੰਤ ਸੰਨ ੧੭੯੯ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਹਥੋਂ ਅੰਮ੍ਰਿਤ ਛਕ ਕੇ 'ਸਿੰਘ' ਸਜ ਗਏ, ਭਾਵ ਗਊਆਂ ਸ਼ੇਰ ਬਣ ਗਈਆਂ।

ー੮੦ー