ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹਿਰ ਦਾ ਨਲਕਾ

ਕਰ,ਗੱਲ ਤਾਂ ਪੁਛਣ ਦਿਹ) ਕੀ ਵੱਡੀ ਦੁਕਾਨ ਬੰਦ ਸੀ ਜੋ ਏਧਰ ਆ ਨਿਕਲਿਓਂ? ਉਫ਼! ਨਿਰਾਸਤਾ! ਰਕਮ ਵੀ ਭੰਗ ਦੇ ਭਾੜੇ ਗਈ, ਗਵਾਹ ਵੀ ਉਲਟੇ ਵਗੇ! ਇਕ ਜ਼ਮੀਨ ਦੇ ਇੰਤਕਾਲ ਨੇ ਤੇਰੀ ਮਹੀਨਿਆਂ ਦੀ ਕਮਾਈ ਰੋੜ੍ਹ ਦਿਤੀ ਹੈ ਤੇ ਅਜੇ ਪਤਾ ਨਹੀਂ ਇਹ ਬੋਤਲ ਕੀ ਕੀ ਚੰਨ ਚਾੜ੍ਹੇ। ਕਿੰਨੇ ਆਦਮੀ ਇਸ ਬੋਤਲ ਵਿਚ ਡੁਬ ਗਏ! ਕਿੰਨੇ ਇਸ ਅਥਾਹ ਸਾਗਰ ਵਿਚ ਗੋਤਾ ਖਾ ਕੇ ਗ਼ਰਕ ਹੋ ਗਏ! ਕਿੰਨੇ ਇਸ ਘਮਣ-ਘੇਰੀ ਵਿਚ ਫਸ ਕੇ ਮੁੜ ਪਾਰ ਨਾ ਲਗੇ! ਇਸ ਦਾ ਜ਼ਿੰਮੇਵਾਰ ਕੌਣ ਹੈ? ਤੂੰ......ਤੂੰ........ਤੂੰ।

ਜਿਸ ਵੇਲੇ ਤੇਰੇ ਬੱਚਿਆਂ ਤੇ ਤੇਰੀ ਵਿਚਾਰੀ ਘਰ ਵਾਲੀ ਦਾ ਮੈਨੂੰ ਚੇਤਾ ਆਉਂਦਾ ਹੈ ਤਾਂ ਮੇਰੀਆਂ ਅੱਖਾਂ ਸਾਉਣ ਭਾਦੋਂ ਦੇ ਬਦਲਾਂ ਵਾਂਗ ਝੜੀਆਂ ਲਾ ਦੇਂਦੀਆਂ ਹਨ। ਜੇ ਤੂੰ ਮੇਰੇ ਅੰਦਰ ਝਾਤੀ ਪਾ ਕੇ ਵੇਖਣ ਦੀ ਹਿੰਮਤ ਰਖਦਾ ਹੈਂ ਤਾਂ ਵੇਖ, ਦਿਲ ਤੋਂ ਅੱਖਾਂ ਤੀਕ ਕਿਸ ਤਰ੍ਹਾਂ ਹੰਝੂਆਂ ਦਾ ਸਾਗਰ ਠਾਠਾਂ ਮਾਰ ਰਿਹਾ ਹੈ!

ਆ ਮਿਤਰਾ! ਆਪਣੀ ਤ੍ਰੇਹ ਨੂੰ ਦੂਰ ਕਰ। ਵੇਖ, ਕਿੰਨਾ ਮਿਠਾ ਤੇ ਸਾਫ ਪਾਣੀ ਹੈ! ਇਸ ਤੋਂ ਚੰਗਾ ਤੂੰ ਕਦੋਂ ਅਤੇ ਕਿਥੇ ਡਿਠਾ? ਜੋੜਾ ਲਾਹ, ਬਾਹਵਾਂ ਉਤਾਂਹ ਟੁੰਗ ਅਤੇ ਮੂੰਹ ਹੱਥ ਧੋ। ਪਾਣੀ ਪੀ ਅਤੇ ਅਨੰਦ ਮਾਣ। ਵੇਖ, ਪਾਣੀ ਪੀਂਦਿਆਂ ਥਕੇਵਾਂ ਕੋਹਾਂ ਦੂਰ ਨਸਦਾ ਹੈ ਕਿ ਨਹੀਂ? ਹੁਣ ਰਤਾ ਅਰਾਮ ਕਰ ਤੇ ਸ਼ਰਾਬ ਦੇ ਅਉਗੁਣਾਂ ਦੇ ਟਾਕਰੇ ਉਤੇ ਮੇਰੇ ਗੁਣਾਂ ਨੂੰ ਗਹੁ ਨਾਲ ਵਿਚਾਰ। ਰਤਾ ਇਕ ਪਾਸੇ ਹੋਣ ਦੀ ਖੇਚਲ ਕਰੀਂ, ਵਿਚਾਰੇ ਖੋਤੇ ਨੂੰ ਆਪਣੀ ਦਿਲ ਦੀ ਲਗੀ ਬੁਝਾ ਲੈਣ ਦਿਹ।

ਵੇਖ, ਔਲੂ ਵਿਚ ਪਾਣੀ ਕਿਸ ਤਰ੍ਹਾਂ ਥਲੇ ਲਹਿੰਦਾ ਜਾਂਦਾ ਹੈ! ਖੋਤਾਂ ਚਿਰਾਂ ਦਾ ਤਿਹਾਇਆ ਮਲੂਮ ਹੁੰਦਾ ਹੈ। ਹੁਣ ਪਾਣੀ ਪੀ ਕੇ ਮੇਰੀ ਵਲ ਤਕਦਾ ਹੈ ਅਤੇ ਪਰਮਾਤਮਾ ਦਾ ਸ਼ੁਕਰ ਕਰਦਾ ਹੈ। ਹਾਂ, ਭਾਈ,

ー੮੫ー