ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨ ਵਿਚ ਕਿਹਾ ਅਤੇ ਰੋਟੀਆਂ ਦੀ ਝੋਲੀ ਭਰਕੇ ਬਾਹਰ ਨਿਕਲਣ ਹੀ ਲਗਾ ਸੀ ਜਦ ਉਸ ਨੂੰ ਠੇਡਾ ਲਗਾ। ਉਹ ਧੜੰਮ ਕਰਕੇ ਹੇਠਾਂ ਡਿਗ ਪਿਆ ਨਾਲ ਹੋਰ ਚੀਜ਼ਾਂ ਵੀ ਡਿਗੀਆਂ। ਇਕ ਸ਼ੋਰ ਜਿਹਾ ਮਚ ਗਿਆ, ਕੱਚ ਦਾ ਸ਼ੀਸ਼ਾ ਉਸ ਦੀ ਹਿਕ ਤੇ ਰਗੜਿਆ ਗਿਆ। ਪਰ ਉਸ ਦਰਦ ਨੂੰ ਨਾ ਮਨਾਇਆ। ਉਹ ਹੰਭਲਾ ਮਾਰ ਕੇ ਉਠਿਆ ਪਰ ਪਿਆਲਾ ਬੁਲ੍ਹਾਂ ਤਾਈਂ ਆ ਕੇ ਪਟਕ ਪਿਆ। ਦੁਕਾਨਦਾਰ ਨੇ ਨੰਦੂ ਨੂੰ ਆ ਫੜਿਆ ਨੰਦੂ ਨੇ ਆਪਣੇ ਦੋਹਾਂ ਹਥਾਂ ਨਾਲ ਮੂੰਹ ਢੱਕ ਲਿਆ। ਉਸ ਦੀ ਹਿਕ ਤੋਂ ਲਹੂ ਸਿੰਮ ੨ ਕੇ ਉਸ ਦੇ ਗਲ ਪਈਆਂ ਲੀਰਾਂ ਵਿਚ ਸਮਾਉਂਦਾ ਜਾ ਰਿਹਾ ਸੀ। ਦੁਕਾਨਦਾਰ ਨੇ ਵੇਖਿਆ, ਉਸ ਦੀਆਂ ਅਰਕਾਂ ਵੀ ਛਿਲੀਆਂ ਹੋਈਆਂ ਸਨ।

‘ਇਹ ਹਰਾਮਜ਼ਾਦੇ ਚੋਰ ਸਾਨੂੰ ਸਾਹ ਨਹੀਂ ਲੈਣ ਦੇਂਦੇ ਹਰ ਦੂਜੇ ਤੀਜੇ ਦਿਨ ਬੂਹੇ ਟੱਪ ਆਉਂਦੇ ਨੇ, ਬੇਵਕੂਫ ਮੰਗ ਮੰਗ ਕੇ ਵੀ ਨਹੀਂ ਰੱਜਦੇ ... ...।' ਦੁਕਾਰਦਾਰ ਨੇ ਹੋਰ ਸ਼ੋਰ ਮਚਾਉਂਦਿਆਂ ਕਿਹਾ। ਲੋਕ ਇਕ ਦਮ ਇਕਠੇ ਹੋ ਗਏ। ਕੋਈ ਗਾਲ੍ਹਾਂ ਕੱਢਦਾ, ਕੋਈ ਭਿਖਾਰੀ ਦੀ ਜ਼ਾਤ ਨੂੰ ਨਿੰਦਦਾ, ਕੋਈ ਇਹਨਾਂ ਦੀ ਨੀਅਤ ਨੂੰ ਘੋਖਦਾ ਸੀ। ਨੰਦੂ ਸੁਣਦਾ ਰਿਹਾ। ਉਹ ਆਪਣਾ ਆਪ ਭੁਲ ਚੁਕਾ ਸੀ। ਸਿਪਾਹੀਆਂ ਦੇ ਬੈਂਤ ਉਸ ਦੀਆਂ ਭਰੀਆਂ ਹੋਈਆਂ ਲਾਸਾਂ ਨੂੰ ਫੇਂਹਦੇ ਦਿਖਾਈ ਦੇਣ ਲਗ ਪਏ। ਉਸ ਨੂੰ ਨਿਸਚਾ ਸੀ ਐਤਕਾਂ ਦੀ ਮਾਰ ਖਾ ਕੇ ਉਹ ਜੀਉਂਦਾ ਨਹੀਂ ਰਹਿ ਸਕੇਗਾ। ਉਹ ਅਵੱਸ਼ ਮਰ ਜਾਏਗਾ ਤੇ ਉਸ ਦੇ ਮਰਨ ਨਾਲ ਛੇ ਮੌਤਾਂ ਹੋਰ ਵੀ ਹੋਣ ਦੀ ਸੰਭਾਵਨਾ ਸੀ। ਉਹ ਆਪ ਤਾਂ ਮਰਨਾ ਲੋਚਦਾ ਸੀ ਪਰ ਦੂਜੀਆਂ ਜ਼ਿੰਦਗੀਆਂ ਦੀ ਮੌਤ ਉਸ ਨੂੰ ਚੰਗੀ ਨਹੀਂ ਸੀ ਲਗਦੀ ਜਿਸ ਕਰਕੇ ਉਹ ਉਨ੍ਹਾਂ ਲਈ ਜੀਊਂ ਰਿਹਾ ਸੀ। ਨੰਦੂ ਨੇ ਦੁਕਾਨਦਾਰ ਪਾਸ ਬੇਨਤੀਆਂ ਕੀਤੀਆਂ, ਮਥਾ ਰਗੜਿਆ, ਆਪਣੀ ਗਰੀਬੀ ਦੇ ਪਰਦਿਆਂ ਪਿਛੇ ਜੀਅ ਰਹੇ ਮਨੁੱਖਾਂ ਦੇ ਵਾਸਤੇ ਪਾਏ ਪਰ ਦੁਕਾਨਦਾਰ ਉਸ ਨੂੰ ਪੱਥਰ ਦਾ ਰੂਪ ਹੀ ਦਿਸਿਆ।

-੧੧੩-