ਪੰਨਾ:ਨਵੀਨ ਦੁਨੀਆ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਮੈਂ ਮਿਲੀ ਸਾਂ। ਉਹ ਮੈਨੂੰ ਬੜੀ ਬੁਰੀ ਤਰਾਂ ਠੁਕਰਾਕੇ ਚਲਾ ਗਿਆ ਬਾਪੂ!... ... ... ... ਹੁਣ ਮੈਨੂੰ ... ... ...ਕੋਈ ਆਸ ਨਹੀਂ ਰਹੀ।" ਪ੍ਰੀਤ ਜਿਵੇਂ ਪਾਗਲ ਹੋ ਗਈ ਹੋਵੇ। ਉਹ ਬਚਿਆਂ ਵਾਂਗ ਫਰਿਆਦਾਂ ਕਰ ਰਹੀ ਸੀ। ਉਹ ਕਮਲੀ ਇਹ ਨਹੀਂ ਸੀ ਜਾਣਦੀ ਕਿ ਕਿਸੇ ਅਮੀਰ ਦੀ ਠੁਕਰਾਈ ਹੋਈ ਕੂੰਜ ਫਿਰ ਕਦੀ ਆਪਣੀ ਡਾਰ ਨਾਲ ਨਹੀਂ ਮਿਲ ਸਕਦੀ ਹੈ।

"ਪ੍ਰੀਤ ਬੱਚੀ! ਤੂੰ ਇਹ ਕੀ ਕੀਤਾ। ਉਸ ਨੂੰ ਕਿਉਂ ਮਿਲੀ ਬੇਟਾ! ਤੂੰ ਇਹ ਨਹੀਂ ਸੀ ਜਾਣਦੀ ਕਿ ਅਮੀਰਾਂ ਦੇ ਦਿਲਾਂ ਵਿਚ ਗਰੀਬਾਂ ਦੇ ਹੰਝੂਆਂ ਲਈ ਥਾਂ ਨਹੀਂ ਹੁੰਦੀ ਸਾਡੇ ਦਰਦ ਉਤੇ ਉਹਨਾਂ ਦਾ ਹਾਸਾ ਉਡਦਾ ਏ। ਸਾਨੂੰ ਹਸਦਿਆਂ ਵੇਖ ਉਹ ਕਰਿਝਦੇ ਨੇ। ਕਿਰਪਾਲ ਨਾਲ ਹੁਣ ਸਾਡਾ ਕਾਹਦਾ ਰਿਸ਼ਤਾ! ਪਾਗਲ ਕਿਸੇ ਥਾਂ ਦੀ ... ... ...।" ਬੁਢੇ ਦਾ ਝੁਰੜਿਆ ਚਿਹਰਾ ਕੰਬ ਰਿਹਾ ਸੀ। ਉਸ ਦੇ ਖਰ੍ਹਵੇਂ ਹਥ ਮੀਟੇ ਹੋਏ ਸਨ। ਵਿੰਗੇ ਜੇਹੇ ਸਰੀਰ ਵਿਚ ਕਈ ਹਰਕਤਾਂ ਸਨ। ਅਖਾਂ ਦੀ ਮਾੜੀ ਜੇਹੀ ਲੋਅ ਨੂੰ ਹੰਝੂਆਂ ਨੇ ਕੜਿਆ ਹੋਇਆ ਸੀ। ਸੁਕੇ ਹੋਏ ਬੁਲ੍ਹਾਂ ਤੇ ਵੀ ਕੰਬਣੀ ਸੀ। ਪ੍ਰੀਤ ਨੇ ਜਦ ਪਿਤਾ ਦਾ ਇਹ ਹਾਲ ਵੇਖਿਆ ਤਾਂ ਦਿਲ ਵਿਚ ਪਛਤਾਈ। "ਮੈਂ ਬਾਪੂ ਨੂੰ ਕਾਹਨੂੰ ਦਸਿਆ?" ਉਸ ਨੇ ਦਿਲ ਵਿਚ ਸੋਚਿਆ ਅਤੇ ਦਿਲਾਸਾ ਦਿੰਦੀ ਬਿਸਤਰੇ ਵਿਚ ਪੈ ਗਈ।

ਰਾਤ ਦਾ ਰਹਿੰਦਾ ਬਾਕੀ ਹਿਸਾ ਪ੍ਰੀਤ ਨੇ ਸੋਚਾਂ ਵਿਚ ਬਿਤਾਇਆ ਅਤੇ ਸਵੇਰ ਹੁੰਦਿਆਂ ਹੀ ਬਿਸਤਰੇ ਠੀਕ ਕਰਕੇ ਮਕਾਨ ਦੀ ਉਤਲੀ ਛਤ ਤੇ ਚਲੀ ਗਈ। ਬੁਢੇ ਨੂੰ ਪਤਾ ਸੀ, ਉਸ ਦੀ ਬਚੀ ਵਿਆਹ ਨਹੀਂ ਵੇਖੇਗੀ। ਜਿਸ ਕਰਕੇ ਜਦ ਵੀ ਕੋਈ ਕੁੜੀ ਪ੍ਰੀਤ ਨੂੰ ਲੈਣ ਆਉਂਦੀ ਤਾਂ ਕਹਿ ਦਿੰਦਾ, "ਪ੍ਰੀਤ ਦੀ ਮਾਸੀ ਰਾਤੀਂ ਆ ਕੇ ਉਸ ਨੂੰ ਲੈ ਗਈ ਏ।" ਭਾਵੇਂ ਬ੍ਰਿਧ ਨੂੰ

--੩੫--