ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਜ ਸਮਾਜ ਦਾ ਹਰ ਤਬਕਾ ਨਸ਼ਿਆਂ ਦੀ ਮਾਰ ਹੇਠ ਹੈ ਕਥਿਤ ਵੱਧ ਪੜ੍ਹੇ ਲਿਖੇ ਤੇ ਸਿਆਣੇ ਲੋਕ (ਬੁਧੀਜੀਵੀ) ਵੀ ਇਸ 'ਰਿਸਕ' ਤੋਂ ਬਾਹਰ ਨਹੀਂ ਹਨ। ਡਾਕਟਰਾਂ ਵਿੱਚ ਸ਼ਰਾਬ, ਸਿਗਰਟ ਅਤੇ ਦੂਸਰੇ ਨਸ਼ਿਆਂ ਦਾ ਇਸਤੇਮਾਲ ਆਮ ਜਨਤਾ ਨਾਲੋਂ ਜ਼ਿਆਦਾ ਹੈ। ਸ਼ਰਾਬ ਦਾ ਇਸਤੇਮਾਲ ਗਰੀਬ ਅਤੇ ਅਮੀਰ ਦੋਨਾਂ ਤਬਕਿਆਂ ਵਿੱਚ ਬਰਾਬਰ ਹੈ ਹਾਂ ਇਹ ਜ਼ਰੂਰ ਹੈ ਕਿ ਘਟੀਆ ਸ਼ਰਾਬ ਪੀ ਕੇ ਅੰਨ੍ਹੇ ਹੋਣ ਵਾਲੇ ਜਾਂ ਮਰਨ ਵਾਲੇ ਸਿਰਫ਼ ਗ਼ਰੀਬ ਲੋਕ ਹੀ ਹੁੰਦੇ ਹਨ।


ਨਸ਼ਿਆਂ ਦੇ ਸਬੰਧ ਵਿੱਚ ਇੱਕ ਮੁਸ਼ਕਿਲ ਇਨ੍ਹਾਂ ਦੀ ਸਮਾਜਕ, ਰਾਜਸੀ ਤੇ ਸਰਕਾਰੀ ਮਾਨਤਾ ਕਰਕੇ ਵੀ ਹੈ। ਸ਼ਰਾਬ ਅਤੇ ਤੰਬਾਕੂ ਸਮਾਜਕ ਮਾਨਤਾ ਵਾਲੇ ਨਸ਼ੇ ਹਨ ਅਤੇ ਇਨ੍ਹਾਂ ਤੋਂ ਬਹੁਤ ਸਾਰਾ ਪੈਸਾ ਸਰਕਾਰਾਂ ਟੈਕਸ ਦੇ ਰੂਪ ਵਿੱਚ ਕਮਾਉਂਦੀਆਂ ਹਨ। ਹਾਲਾਂਕਿ ਸਰੀਰਕ, ਮਾਨਸਿਕ ਤੇ ਸਮਾਜਕ ਨੁਕਸਾਨ ਇਨ੍ਹਾਂ ਨਾਲ ਦੂਸਰੇ ਨਸ਼ਿਆਂ ਨਾਲੋਂ ਵਧੇਰੇ ਹੁੰਦਾ ਹੈ। ਦੂਸਰੀ ਤਰਫ਼ ਭੰਗ ਅਤੇ ਅਫ਼ੀਮ ਵਰਗੇ ਨਸ਼ੇ ਹਨ ਜਿਨ੍ਹਾਂ ਨਾਲ ਸਰੀਰਕ ਨੁਕਸਾਨ ਬਹੁਤ ਘੱਟ ਹੁੰਦਾ ਹੈ ਪਰ ਇਨ੍ਹਾਂ ਨੂੰ ਮਨਪ੍ਰਚਾਵੇ ਦੇ ਨਸ਼ਿਆਂ ਦੇ ਤੌਰ 'ਤੇ ਸਮਾਜਕ ਮਾਨਤਾ ਨਹੀਂ ਤੇ ਸਰਕਾਰੀ ਆਗਿਆ ਵੀ ਨਹੀਂ ਹੈ। ਇਹ ਪ੍ਰਤੀਬੰਧਤ ਨਸ਼ੇ ਹਨ। ਫਿਰ ਵੀ ਇਨ੍ਹਾਂ ਨਸ਼ਿਆਂ ਵਿੱਚ ਜਿੰਨਾ ਕਾਲਾ ਧਨ ਲੱਗਿਆ ਹੋਇਆ ਹੈ, ਉਹ ਕਿਸੇ ਵੀ ਦੇਸ਼ ਵਿੱਚ ਸਮਾਨੰਤਰ ਆਰਥਕ ਢਾਂਚਾ ਚਲਾ ਸਕਣ ਜੋਗਾ ਹੁੰਦਾ ਹੈ। ਅਫ਼ੀਮ ਦੇ ਵਪਾਰ ’ਤੇ ਸਰਦਾਰੀ ਜਮਾਉਣ ਲਈ ਇਤਿਹਾਸ ਵਿੱਚ ਦੋ ਜੰਗਾਂ ਲੜੀਆਂ ਗਈਆਂ ਜਿਨ੍ਹਾਂ ਵਿੱਚ ਉਸ ਵੇਲੇ ਦਾ ਸਭ ਤੋਂ ਵੱਡਾ ਸਾਮਰਾਜ ਬਰਤਾਨੀਆਂ ਸ਼ਾਮਲ ਸੀ ਅਤੇ ਉਸਨੇ ਅਫ਼ੀਮ ਦੇ ਵਿਓਪਾਰ 'ਤੇ ਕਾਬੂ ਰੱਖਣ ਲਈ ਹਾਂਗਕਾਂਗ ਤੇ ਕਈ ਸਾਲ ਕਬਜ਼ਾ ਕਰੀ ਰੱਖਿਆ।

17