ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/2

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਣਕਾਰੀ ਹੋ ਜਾਂਦੀ ਹੈ ਜਿਨ੍ਹਾਂ ਦਾ ਉਨ੍ਹਾਂ ਨੂੰ ਪਹਿਲਾਂ ਨਹੀਂ ਸੀ ਪਤਾ। ਅਜਿਹੇ ਲੇਖ ਫਾਇਦੇ ਦੀ ਜਗ੍ਹਾ ਨੁਕਸਾਨ ਜ਼ਿਆਦਾ ਕਰ ਜਾਂਦੇ ਹਨ। ਨਸ਼ਿਆਂ ਦੀ ਸਮੱਸਿਆ ਨਾ ਸਿਰਫ਼ ਮੈਡੀਕਲ ਸਮੱਸਿਆ ਹੈ ਬਲਕਿ ਸਾਡਾ ਸਮਾਜਕ ਤਾਣਾ-ਬਾਣਾ ਅਤੇ ਆਰਥਕ ਤੇ ਰਾਜਨੀਤਕ ਢਾਂਚਾ ਵੀ ਇਨ੍ਹਾਂ ਤੋਂ ਪ੍ਰਭਾਵਤ ਹੁੰਦਾ ਹੈ। ਅੰਡਰ-ਵਰਲਡ ਵਿੱਚ ਹੈਰੋਇਨ ਦਾ ਰੁਤਬਾ ਉਹੀ ਹੈ ਜੋ ਤਥਾ ਕਥਿਤ ਚਿੱਟੇ ਬਾਜ਼ਾਰ ਵਿੱਚ ਸੋਨੇ ਦਾ ਹੈ।

ਨਸ਼ਾ ਕੀ ਹੈ?

ਬੁਨਿਆਦੀ ਸਵਾਲ ਹੈ ਕਿ ਇਨਸਾਨ ਨਸ਼ਾ ਕਿਉਂ ਕਰਦਾ ਹੈ? ਇਸ ਸਵਾਲ ਦਾ ਜਵਾਬ ਲੱਭਣ ਤੋਂ ਪਹਿਲਾਂ ਜਾਣ ਲਈਏ ਕਿ ਨਸ਼ਾ ਕਿਸਨੂੰ ਕਹਿੰਦੇ ਹਨ। ਨਸ਼ਾ ਮਨ ਦੀ ਅਜਿਹੀ ਅਵਸਥਾ ਹੈ ਜਿਸ ਵਿੱਚ ਇਨਸਾਨ ਦੁਨਿਆਵੀ ਸਰੋਕਾਰਾਂ ਤੋਂ ਥੋੜ੍ਹਾ ਪਰ੍ਹੇ ਹਟ ਜਾਂਦਾ ਹੈ ਅਤੇ ਤਣਾਉ-ਮੁਕਤੀ ਤੇ ਆਨੰਦ ਦਾ ਅਨੁਭਵ ਕਰਦਾ ਹੈ। ਜਿਹੜਾ ਵੀ ਪਦਾਰਥ ਇਨਸਾਨ ਨੂੰ ਅਜਿਹੀ ਅਵਸਥਾ ਵਿੱਚ ਪਹੁੰਚਾ ਦੇਵੇ, ਉਸਨੂੰ ਨਸ਼ੀਲਾ ਪਦਾਰਥ ਕਿਹਾ ਜਾਂਦਾ ਹੈ। ਸ਼ਰਾਬ, ਅਫ਼ੀਮ, ਹੈਰੋਇਨ ਤੇ ਚਰਸ ਤੋਂ ਇਲਾਵਾ ਹੋਰ ਵੀ ਕਈ ਪਦਾਰਥਾਂ ਵਿੱਚ ਇਹ ਗੁਣ ਹੁੰਦਾ ਹੈ। ਕਿਸੇ ਵੀ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ 'ਤੇ ਨਿਰਭਰ ਉਦੋਂ ਆਖਿਆ ਜਾਂਦਾ ਹੈ ਜਦੋਂ ਉਸਨੂੰ ਸਹਿਜ ਹੋਣ ਲਈ ਉਸ ਪਦਾਰਥ ਦੀ ਜ਼ਰੂਰਤ ਪੈਂਦੀ ਹੈ। ਕਿਸੇ ਨੂੰ ਵੀ ਨਸ਼ਈ ਜਾਂ ਸ਼ਰਾਬੀ ਤਾਂ ਹੀ ਕਿਹਾ ਜਾ ਸਕਦਾ ਹੈ ਜੇ ਉਹ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ —

1. ਨਸ਼ੇ ਦਾ ਲਗਾਤਾਰ ਸੇਵਨ
2. ਨਸ਼ਾ ਕਰਨ ਦੀ ਤੀਬਰ ਇੱਛਾ
3. ਨਸ਼ੀਲੇ ਪਦਾਰਥ ਦਾ ਸੇਵਨ ਸ਼ੁਰੂ ਕਰਨ, ਮਿਕਦਾਰ ਨਿਧਾਰਤ ਕਰਨ ਜਾਂ ਖਤਮ ਕਰਨ ਤੇ ਕੋਈ ਕਾਬੂ ਨਾ ਰਹਿਣਾ।
4. ਕੁਝ ਸਮੇਂ ਬਾਅਦ ਪਦਾਰਥ ਦੀ ਮਾਤਰਾ ਵਧਾਉਣ ਦੀ ਮਜਬੂਰੀ ਤਾਂ ਕਿ ਪਹਿਲਾਂ ਜਿੰਨਾ ਨਸ਼ਾ ਹੁੰਦਾ ਰਹੇ।

2