ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਆਪਣੇ ਵਰਗਿਆਂ ਤੱਕ ਹੀ ਸੀਮਤ ਕਰ ਦਿੰਦੀ ਹੈ। ਸਮਾਜ ਨਾਲੋਂ ਟੁੱਟਣ ਕਰਕੇ ਕਈ ਤਰ੍ਹਾਂ ਦੀਆਂ ਮਾਨਸਕ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ। ਜਿਹੜੀਆਂ ਨਸ਼ੇ ਦੇ ਇਸਤੇਮਾਲ ਨੂੰ ਹੋਰ ਵਧਾ ਦਿੰਦੀਆਂ ਹਨ। ਕੰਮਕਾਰ, ਸਿਹਤ, ਸਮਾਜਕ ਰਿਸ਼ਤੇ, ਆਰਥਕਤਾ ਸਭ ਕੁਝ ਪ੍ਰਭਾਵਤ ਹੁੰਦਾ ਹੈ। ਸਮਾਜ ਨਾਲੋਂ ਟੁੱਟਣ ਤੋਂ ਬਾਅਦ ਮਨ ਅੰਦਰ ਉਪਰਾਮਤਾ ਤੇ ਉਦਾਸੀਨਤਾ ਘਰ ਕਰ ਜਾਂਦੀ ਹੈ ਅਤੇ ਮਰੀਜ਼ ਖੁਦ ਆਪਣੀ ਪ੍ਰਵਾਹ ਕਰਨੀ ਵੀ ਛੱਡ ਦਿੰਦਾ ਹੈ ਅਤੇ ਸਮਾਜ ਵਿੱਚ ਵਾਪਸੀ (ਨਸ਼ਾ ਰਹਿਤ ਸਿਹਤਮੰਦ ਜ਼ਿੰਦਗੀ) ਬਾਰੇ ਸੋਚਣਾ ਵੀ ਛੱਡ ਦਿੰਦਾ ਹੈ। ਇਸ ਸਟੇਜ 'ਤੇ ਸਰੀਰਕ ਤੇ ਮਾਨਸਿਕ ਜਟਿਲਤਾਵਾਂ ਬਹੁਤ ਵੱਧ ਗਈਆਂ ਹੁੰਦੀਆਂ ਹਨ। ਹੁਣ ਨਸ਼ੇ ਦਾ ਇਸਤੇਮਾਲ ਹਰ ਰੋਜ਼ ਹੁੰਦਾ ਹੈ ਤੇ ਮਰੀਜ਼ ਹਮੇਸ਼ਾ ਇਸਦੇ ਅਸਰ ਹੇਠ ਹੀ ਰਹਿੰਦਾ ਹੈ। ਮਾੜੀ ਖੁਰਾਕ ਅਤੇ ਕਈ ਤਰ੍ਹਾਂ ਦੇ ਤੱਤਾਂ ਦੀ ਕਮੀ, ਸਰੀਰ ਨੂੰ ਕਮਜ਼ੋਰ ਅਤੇ ਬੀਮਾਰੀਆਂ ਲਈ ਸੱਦਾ ਦੇਣ ਵਾਲਾ ਬਣਾ ਦਿੰਦੀ ਹੈ। ਨਿਮੋਨੀਆ, ਤਪਦਿਕ, ਏਡਜ਼, ਵਰਗੇ ਰੋਗ ਸ਼ਰਾਬੀਆਂ ਅਤੇ ਦੂਸਰੇ ਨਸ਼ੇ ਵਾਲਿਆਂ ਵਿੱਚ ਜ਼ਿਆਦਾ ਪਾਏ ਜਾਂਦੇ ਹਨ ਜੋ ਅਕਸਰ ਉਨ੍ਹਾਂ ਦੀ ਮੌਤ ਦਾ ਕਾਰਨ ਵੀ ਬਣਦੇ ਹਨ। ਕਈ ਮਰੀਜ਼ ਆਤਮ-ਹੱਤਿਆ ਕਰ ਲੈਂਦੇ ਹਨ। ਦੁਨੀਆ ਭਰ ਵਿੱਚ ਹੋਣ ਵਾਲੀਆਂ ਆਤਮ-ਹੱਤਿਆਵਾਂ ਵਿੱਚੋਂ 10-15 ਪ੍ਰਤੀਸ਼ਤ ਇਨ੍ਹਾਂ ਮਰੀਜ਼ਾਂ ਵਲੋਂ ਹੀ ਕੀਤੀਆਂ ਜਾਂਦੀਆਂ ਹਨ। ਸ਼ਰਾਬ ਕਰਕੇ ਹੋਣ ਵਾਲਾ ਜਿਗਰ ਦਾ ਸਿਰੋਸਿਸ ਵੀ ਮੌਤ ਦਾ ਅਹਿਮ ਕਾਰਨ ਬਣਦਾ ਹੈ ਅਤੇ ਸੜਕ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚੋਂ ਅੱਧੀਆਂ ਲਈ ਸ਼ਰਾਬ ਜ਼ਿੰਮੇਵਾਰ ਹੁੰਦੀ ਹੈ। ਪ੍ਰਯੋਗਾਤਮਕ ਵਰਤੋਂ ਤੋਂ ਲੈ ਕੇ ਨਿੱਤ ਦਾ ਨਸ਼ਈ ਬਣਨ ਤੱਕ ਦਾ ਸਫ਼ਰ ਵੱਖ-ਵੱਖ ਨਸ਼ਿਆਂ ਵਿੱਚ ਵੱਖ-ਵੱਖ ਸਮੇਂ ਦੇ ਅੰਤਰਾਲ ਵਿੱਚ ਪੂਰਾ ਹੁੰਦਾ ਹੈ। ਹੈਰੋਇਨ ਸ਼ਾਇਦ ਸਭ ਤੋਂ ਘੱਟ ਸਮਾਂ ਲੈਂਦੀ ਹੈ ਅਤੇ ਸ਼ਰਾਬ ਦੇ ਮਾਮਲੇ ਵਿੱਚ ਇਹ ਸਫ਼ਰ ਕਈ ਸਾਲਾਂ ਵਿੱਚ ਪੂਰਾ ਹੁੰਦਾ ਹੈ (5 ਤੋਂ 10 ਸਾਲ ਜਾਂ ਕਈਆਂ ਵਿੱਚ ਇਸ ਤੋਂ ਵੀ ਵੱਧ)।