ਪੰਨਾ:ਨਿਰਮੋਹੀ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੨੭

ਕਮਰੇ ਵਿਚ ਜਾ ਕੇ ਸੌਂ ਰਹੀ।

ਪ੍ਰੇਮ ਤੇ ਮਾਲਾ ਜਦ ਦੋਵੇਂ ਮੈਟਰਕ ਪਾਸ ਕਰ ਚੁਕੇ ਤਾਂ ਪ੍ਰੇਮ ਦੇ ਪਿਤਾ ਨੇ ਉਸ ਨੂੰ ਹੋਰ ਵੀ ਪੜ੍ਹੌਣ ਲਈ ਦਿਲ ਵਿਚ ਇਰਾਦਾ ਕੀਤਾ। ਉਸ ਨੇ ਮਾਲਾ ਦੇ ਪਿਤਾ ਨਾਲ ਗਲ ਕੀਤੀ ਤਾਂ ਸੰਤ ਰਾਮ ਬੋਲਿਆ-

'ਬਈ, ਪ੍ਰੇਮ ਨੂੰ ਜਿਨਾ ਮਰਜੀ ਊ ਪੜ੍ਹਾ ਲੈ, ਪਰ ਮੈਂ ਮਾਲਾ ਨੂੰ ਅਗਾਂਹ ਇਕ ਅਖਰ ਵੀ ਨਹੀਂ ਊ ਪੜ੍ਹਾਣਾ ਚਾਹੁੰਦਾ।'

'ਕਿਉਂ? ਹੋਰ ਪੜ੍ਹ ਜਾਏਗੀ ਤਾਂ ਇਸ ਵਿਚ ਹਰਜ ਏ ਕੋਈ? ਰਾਮ ਰਤਨ ਨੇ ਜੋਰ ਦੇਦਿਆਂ ਹੋਇਆਂ ਕਿਹਾ।

ਹਰਜ ਤੇ ਕੋਈ ਨਹੀਂ। ਹਛਾ, ਮੈਂ ਮਾਲਾ ਦੀ ਮਾਂ ਨਾਲ ਗਲ ਕਰ ਕੇ ਵੇਖਾਂਗਾ, ਫਿਰ ਜਿਸ ਤਰਾਂ ਕਹੋਗੇ ਹੋ ਜਾਵੇਗਾ।'

ਤੇ ਜਦ ਉਸ ਨੇ ਆਪਨੀ ਪਤਨੀ ਨਾਲ ਗਲ ਕੀਤੀ ਤਾਂ ਉਹ ਬੋਲੀ, 'ਇਸ ਵਿਚ ਮੈਂ ਕੀ ਸਲਾਹ ਦੇ ਸਕਦੀ ਹਾਂ ਜੀ। ਮਾਲਾ ਤੇ ਉਹਨਾਂ ਦੀ ਚੀਜ਼ ਹੈ। ਜੇ ਉਹ ਹੋਰ ਪੜ੍ਹਾਣਾ ਚਾਹੁੰਦੇ ਹਨ ਤਾਂ ਇਸ ਵਿਚ ਕੀ ਹਰਜ ਹੈ?' ਅਖੀਰ ਫੈਸਲਾ ਹੋ ਗਿਆ, ਤੇ ਮਾਲਾ ਐਫ. ਏ. ਕਰਨ ਲਈ ਕਾਲਜ ਵਿਚ ਦਾਖਲ ਹੋ ਗਈ।

ਪਰ ਖੇਲ ਕੁਦਰਤ ਦੇ, ਜਿਸ ਦਿਨ ਪ੍ਰੇਮ ਨੇ ਕਾਲਜ ਦਾਖਲ ਹੋਣਾ ਸੀ, ਐਨ ਉਸੇ ਦਿਨ ਉਸ ਦੇ ਮਾਮੇ ਦੀ ਦਿੱਲੀ ਤੋਂ ਚਿਠੀ ਆ ਗਈ ਜਿਸ ਵਿਚ ਲਿਖਿਆ ਸੀ, ਉਹ ਮੋਟਰ ਐਕਸੀਡੈਂਟ ਨਾਲ ਸਖਤ ਜ਼ਖਮੀ ਹੋ ਗਿਆ ਏ, ਇਸ ਲਈ ਪ੍ਰੇਮ ਨੂੰ ਜਲਦੀ ਤੋਂ ਜਲਦੀ ਦਿਲੀ ਭੇਜ ਦਿਤਾ ਜਾਵੇ।