ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/106

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ, ਅਸੀਂ ਉਸ ਨੂੰ ਇਕਹਿਰੇਪਣ ਵਿਚ ਹੀ ਅਰਥਾਉਂਦੇ ਹਾਂ।

ਦੁੱਗਲ ਆਪਣੀਆਂ ਕਹਾਣੀਆਂ ਵਿਚ ਇਸ ਜਟਿਲ ਮਨੁੱਖ ਦੇ ਛਿਣਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ। ਪਰ ਕਿਉਂਕਿ ਇਹ ਫੈਲੇ ਜਾਂ ਸੁੰਗੜੇ ਛਿਣ ਹੀ ਨਿੱਕੀ ਕਹਾਣੀ ਦੇ ਰੂਪ ਦੀ ਸੀਮਾ ਹੁੰਦੇ ਹਨ, ਇਸ ਲਈ ਇਹਨਾਂ ਪਾਤਰਾਂ ਦੀ ਜਟਿਲਤਾ ਨੂੰ ਸਮਝਣ ਲਈ ਪਾਠਕ ਨੂੰ ਬਹੁਤ ਕੁਝ ਆਪਣੇ ਤਜਰਬੇ ਵਿਚੋਂ ਮਿਲਾਉਣਾ ਪੈਂਦਾ ਹੈ। ਚੰਗੇ ਸਾਹਿਤ ਦੀ ਚੰਗਿਆਈ ਦਾ ਪ੍ਰਤੱਖ ਹੋਣਾ ਉਸ ਦੇ ਪਾਠਕ ਦੇ ਅਨੁਭਵ ਦੀ ਡੂੰਘਆਈ ਦੇ ਨਾਲ ਸਿੱਧੀ ਤਨਾਸਬ ਰਖਦਾ ਹੈ। ਕਲਾ ਕਿਉਂਕਿ ਬਿੰਬਾਂ ਵਿਚ ਗੱਲ ਕਰਦੀ ਹੈ, ਇਸ ਲਈ ਅਨੁਭਵੀ ਪਾਠਕ ਪੇਸ਼ ਕੀਤੇ ਗਏ ਬਿੰਬਾਂ ਦੇ ਕਈ ਵਾਰੀ ਉਹ ਪਹਿਲੂ ਵੀ ਦੇਖ ਲੈਂਦਾ ਹੈ, ਜਿਹੜੇ ਸਿਰਜਕ ਦੀ ਚੇਤਨਾ ਵਿਚ ਨਹੀਂ ਹੁੰਦੇ, ਪਰ ਜਿਹੜੇ ਬਿੰਬ ਵਿਚ ਸ਼ਾਮਲ ਹੁੰਦੇ ਹਨ, ਅਤੇ ਰਚਨਾ ਨੂੰ ਹੋਰ ਡੂੰਘਾ ਭਾਵ ਦੇ ਦੇਂਦੇ ਹਨ।

ਇਸ ਤਰ੍ਹਾਂ ਦੇ ਸਾਹਿਤ ਦੀਆਂ ਕਈ ਪਰਤਾਂ ਹੁੰਦੀਆਂ ਹਨ ਅਤੇ ਇਸ ਦੀ ਕਈ ਧਰਾਤਲਾਂ ਉਤੇ ਵਿਆਖਿਆ ਹੋ ਸਕਦੀ ਹੈ। ਇਸ ਤਰ੍ਹਾਂ ਦਾ ਸਾਹਿਤ ਚੌਕਸ ਅਤੇ ਅਨੁਭਵੀ ਪਾਠਕਾਂ ਦੀ ਮੰਗ ਕਰਦਾ ਹੈ। ਇਸ ਤਰ੍ਹਾਂ ਦੀ ਜਟਿਲਤਾ ਦੁੱਗਲ ਦੀਆਂ ਕਹਾਣੀਆਂ ਦੀ ਇਕ ਵਿਸ਼ੇਸ਼ਤਾ ਹੈ।

ਦੁੱਗਲ ਨੂੰ ਠੀਕ ਸਮਝਣ ਅਤੇ ਉਸ ਦਾ ਠੀਕ ਮੁੱਲ ਪਾਉਣ ਵਿਚ ਤੀਜੀ ਵੱਡੀ ਮੁਸ਼ਕਲ ਇਹ ਹੈ ਕਿ ਉਹ ਅਕਸਰ ਐਸੇ ਵਿਸ਼ਿਆਂ ਨੂੰ ਹੱਥ ਵਿਚ ਲੈਂਦਾ ਹੈ, ਜਿਨ੍ਹਾਂ ਨਾਲ ਸਾਡੇ ਭਾਵ ਅਤੇ ਵਿਚਾਰ ਇਕ ਜਾਂ ਦੂਜੇ ਪੱਖ ਤੋਂ ਬਹੁਤ ਤੀਖਣ ਤਰ੍ਹਾਂ ਨਾਲ, ਸਗੋਂ ਤੁਅੱਸਬ ਦੀ ਹੱਦ ਤੱਕ ਜੁੜੇ ਹੁੰਦੇ ਹਨ। ਅਤੇ ਇਹ ਤੁਅੱਸਬ ਸਾਨੂੰ ਅਗਲੇ ਦਾ ਦ੍ਰਿਸ਼ਟੀਕੋਣ ਸਮਝਣਾ ਵੀ ਮੁਸ਼ਕਲ ਬਣਾ ਦੇਂਦੇ ਹਨ, ਉਸ ਦਾ ਮੁੱਲ ਪਾਉਣਾ ਤਾਂ ਇਕ ਪਾਸੇ ਰਿਹਾ। ਲਿੰਗ, ਧਰਮ ਆਦਿ ਇਸ ਤਰਾਂ ਦੇ ਵਿਸ਼ਿਆਂ ਦੀਆਂ ਉਦਾਹਰਣਾਂ ਹਨ।

ਕਿਸੇ ਸਾਹਿਤਕਾਰ ਦੇ ਅਧਿਐਨ ਦਾ ਇਕ ਸੌਖਾ ਤਰੀਕਾ ਉਸ ਦੀ ਕਲਾ ਸਿਰਜਣਾ ਨੂੰ ਕੁਝ ਪੜਾਵਾਂ ਵਿਚ ਵੰਡ ਲੈਣ ਦਾ ਹੁੰਦਾ ਹੈ। ਇਹੋ ਜਿਹੀ ਪੜਾਅ-ਵੰਡ ਸਾਰਥਕ ਤਾਂ ਹੀ ਹੋ ਸਕਦੀ ਹੈ ਜੇ ਇਹ ਵਿਸ਼ੇ-ਵਸਤੂ, ਵਿਚਾਰਾਂ ਜਾਂ ਕਲਾ ਦੇ ਪੱਖੋਂ ਲੇਖਕ ਦੇ ਵਿਕਾਸ ਦੇ ਪੜਾਵਾਂ ਨੂੰ ਪੇਸ਼ ਕਰਦੀ ਹੋਵੇ। ਦੁੱਗਲ ਦੇ ਸੰਬੰਧ ਵਿਚ ਵੀ ਇਸੇ ਤਰ੍ਹਾਂ ਦੀ ਵੰਡ ਅਕਸਰ ਕੀਤੀ ਜਾਂਦੀ ਹੈ। ਇਸ ਵਿਚ ਦੁੱਗਲੇ ਦੀ ਸਾਰੀ ਰਚਨਾ ਨੂੰ ਤਿੰਨ ਪੜਾਵਾਂ ਵਿਚ ਵੰਡਿਆ ਜਾਂਦਾ ਹੈ: ਪਹਿਲਾ ਪੜਾਅ, ਜਦੋਂ ਦੁੱਗਲ ਕਥਿਤ ਤੌਰ ਉਤੇ 'ਕਲਾ ਕਲਾ ਲਈ' ਵਿਚ ਯਕੀਨ ਰਖਦਾ ਸੀ,ਪ੍ਰਕਿਰਤੀਵਾਦੀ ਅਤੇ ਨੰਗੇਜਵਾਦੀ ਰਚਨਾਵਾਂ ਕਰਦਾ ਸੀ; ਮਗਰਲਾ ਪੜਾਅ ਜਦ ਉਸ ਨੇ ਆਪਣੀ ਕਲਮ ਜੀਵਨ ਅਤੇ ਸਮਾਜ ਦੀ ਸੇਵਾ ਵਰਗੇ ਉਸਾਰੂ ਆਸ਼ੇ ਨੂੰ ਸਮਰਪਿਤ ਕਰ ਦਿੱਤੀ, ਅਤੇ ਵਿਚਕਾਰਲਾ ਪੜਾਅ, ਜਦੋਂ ਉਸ ਨੇ 1947 ਦੇ ਅਸਰ ਹੇਠ ਰਚਨਾ ਕੀਤੀ।

ਪਰ ਅਸਲ ਵਿਚ ਇਹ ਵੰਡ ਨਾ ਠੋਸ ਬੁਨਿਆਦਾਂ ਉਤੇ ਖੜੀ ਹੈ, ਨਾ ਹੀ ਇਹ

100