ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸਪਸ਼ਟ ਨਹੀਂ ਰਹਿਣ ਦੇਂਦੇ ਕਿ ਉਹ ਸੰਕੇਤ ਕਿਸ ਵਲ ਕਰ ਰਹੇ ਹਨ। ਇਸ ਸੰਬਾਦ ਵਿਚੋਂ ਕਈ ਦਿਲਚਸਪ ਗੱਲਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ। ਉਹ ਇਸ ਗੱਲ ਤੋਂ ਚੇਤੰਨ ਹਨ ਕਿ ਉਹ ਪੰਜਾਬੀ ਵਿਚ ਇਕ ਖ਼ਾਸ ਵਿਧਾ ਦਾ ਪ੍ਰਵੇਸ਼ ਇਸ ਦੇ ਨਵੀਨਤਮ ਰੂਪੀ ਵਿੱਚ ਕਰ ਰਹੇ ਹਨ, ਜਿਸ ਤੋਂ ਪੰਜਾਬੀ ਸਾਹਿਤ ਅਜੇ ਵਾਕਿਫ਼ ਨਹੀਂ। ਇਸ ਲਈ ਇਸ ਵਿਧਾ ਬਾਰੇ ਗਿਆਨ ਦੇਣਾ ਉਹ ਆਪਣਾ ਫ਼ਰਜ਼ ਸਮਝਦੇ ਹਨ, ਤਾਂ ਕਿ ਪੰਜਾਬੀ ਪਾਠਕ ਇਸ ਵਿਧਾ ਨੂੰ ਮਾਣ ਸਕੇ। ਇਸ ਤਰਾਂ ਉਹ ਜਿਹੜਾ ਸ਼ਾਸਤਰ ਘੜਦੇ ਹਨ, ਉਸ ਵਿਚ ਉਹਨਾਂ ਦਾ ਇਹ ਯਤਨ ਬੜਾ ਪ੍ਰਤੱਖ ਦਿੱਸਦਾ ਹੈ ਕਿ ਉਹ ਇਸ ਸ਼ਾਸਤਰ ਨੂੰ ਆਪਣੇ ਹੱਕ ਵਿੱਚ ਅਤੇ ਦੂਜਿਆਂ ਦੇ ਖੰਡਨ ਲਈ ਵਰਤ ਸੱਕਣ, ਭਾਵੇਂ ਇਸ ਲਈ ਉਹਨਾਂ ਨੂੰ ਕਈ ਕਿਤੂੰ ਪਰੰਤ ਲਾਉਣੇ ਪੈਣ। ਆਪਣੇ ਇਹਨਾਂ ਮੁਖਬੰਧਾਂ ਰਾਹੀਂ ਉਹ ਪਾਠਕ ਦੀ ਮਾਨਸਿਕਤਾ ਨੂੰ ਸਾਹਿਤ ਤੋਂ ਬਾਹਰਲੇ ਅਪ੍ਰਮਾਣਿਕ ਤੱਥ ਵਰਤ ਕੇ ਆਪਣੇ ਪੱਖ ਵਿੱਚ ਪ੍ਰਭਾਵਿਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਨ। ਤਾਂ ਵੀ ਇਹਨਾਂ ਵਿਚ, ਬਹੁਤ ਸਾਰਾ ਕੁਝ ਐਸਾ ਕਿਹਾ ਗਿਆ ਹੈ ਜਿਹੜਾ ਮਗਰਲੇ ਕਥਾ-ਸ਼ਾਸਤਰੀ ਚਿੰਤਨ ਵਿਚ ਬਿਨਾਂ ਹਵਾਲੇ ਦੇ ਜਿਉਂ ਦਾ ਤਿਉਂ ਦੁਹਰਾਇਆ ਗਿਆ ਹੈ। ਇਹਨਾਂ ਮੁਖਬੰਧਾਂ ਦੇ ਅੰਦਰੋਂ ਮਿਲਦੀਆਂ ਕਈ ਗਵਾਹੀਆਂ ਨਿੱਕੀ ਕਹਾਣੀ ਦੇ ਇਤਿਹਾਸ-ਲੇਖਣ ਦੇ ਦ੍ਰਿਸ਼ਟੀਕੋਣ ਤੋਂ ਵੀ ਮਹੱਤਵਪੂਰਨ ਹਨ।

ਆਧੁਨਿਕ ਨਿੱਕੀ ਕਹਾਣੀ ਦੇ ਮੋਢੀਆਂ ਵਿਚੋਂ ਭਾਵੇਂ ਕਿਤਾਬੀ ਰੂਪ ਵਿਚ ਸਭ ਤੋਂ ਪਹਿਲਾਂ ਛਪਣ ਵਾਲਾ ਲੇਖਕ ਸੁਜਾਨ ਸਿੰਘ ਨਹੀਂ, ਪਰ ਇਹ ਸੰਬਾਦ ਸ਼ੁਰੂ ਕਰਨ ਵਾਲਾ ਲੇਖਕ ਉਹ ਜ਼ਰੂਰ ਹੈ। ਦੁੱਖ ਸੁਖ ਦੇ ਆਪਣੇ ‘ਮੁਖ-ਵਿਚਾਰ (ਮਿਤੀ 6 ਅਗਸਤ, 1941) ਵਿੱਚ ਉਹ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਾਹਿਤਕ-ਸਰਮਾਇਦਾਰਾਂ ਵੱਲੋਂ ਮਿਲ ਰਹੇ ਕੁਚਲ ਸੁੱਟਣ ਦੇ ਜ਼ਬਾਨੀ ਸੁਨੇਹਿਆਂ ਦਾ ਅਤੇ ਹਰ ਖ਼ਤਰੇ ਦੇ ਰੂਬਰੂ ਆਪਣੀ ਦਿਤਾ ਦਾ ਜ਼ਿਕਰ ਕਰਦਾ ਹੈ (ਜੋ ਕਿ ਅਪ੍ਰਮਾਣਿਕ ਤੱਥ ਵਰਤ ਕੇ ਪਾਠਕ ਨੂੰ ਉਪਭਾਵਕ ਕਰਦਿਆਂ ਉਸ ਦੀ ਮਾਨਸਿਕਤਾ ਨੂੰ ਆਪਣੇ ਹੱਕ ਵਿਚ ਪ੍ਰਭਾਵਿਤ ਕਰਨ ਦੀ ਇਕ ਉਦਾਹਰਣ ਹੈ), ਫਿਰ ਉਹ ਸਾਹਿਤਕ ਲੇਖ ਅਤੇ ਨਿੱਕੀ ਕਹਾਣੀ ਦੇ ਸੰਬੰਧ ਵਿੱਚ ਆਪਣੇ ਪੁਖਤਾ ਗਿਆਨ ਦਾ ਪ੍ਰਭਾਵ ਪਾ ਕੇ ਅਤੇ ਦੂਜੇ ਮਹਾਨੁਭਾਵਾਂ ਦੀ ਅਗਿਆਨਤਾ ਦਾ ਮਜ਼ਾਕ ਉਡਾ ਕੇ, ਕਥਾ-ਸ਼ਾਸਤਰ ਬਾਰੇ ਸੰਬਾਦ ਰਚਾਉਂਦਾ ਹੈ।

ਅਤੇ ਇਹ ਸੰਬਾਦ ਮੁੱਖ ਰੂਪ ਵਿੱਚ, ਨਾਂ ਲਏ ਤੋਂ ਬਿਨਾਂ, ਕਰਤਾਰ ਸਿੰਘ ਦੁੱਗਲ ਨਾਲ ਰਚਾਇਆ ਗਿਆ ਹੈ। ਲੱਗਦਾ ਹੈ ਕਿ ਉਸ ਦਾ ਪਹਿਲਾ ਕਹਾਣੀ ਸੰਗਹਿ ਸਵੇਰ ਸਾਰ ਅਜੇ ਕੁਝ ਹੀ ਸਮਾਂ ਪਹਿਲਾਂ ਛਪਿਆ ਹੋਵੇਗਾ।

ਪਿੱਛੇ ਜਿਹੇ ਇਕ ਅੱਜ ਕਲ ਦੇ ਨਵੇਂ ਕਹਾਣੀ-ਲੇਖਕ (!) ਦੇ ਕਹਾਣੀਸੰਗ੍ਰਹਿ ਦੀ ਪਹਿਲੀ ਕਹਾਣੀ 'ਤੇ ਵਿਚਾਰ ਕਰਦਿਆਂ ਮੈਂ ਉਹਨਾਂ ਨੂੰ ਸਤਿਕਾਰ ਸਾਹਿਤ ਆਖਿਆ ਕਿ ਇਸ ਕਹਾਣੀ ਵਿਚ ਉੱਕਾ ਹੀ ਅਮਲ ਨਹੀਂ, ਕੋਈ ਪਲਾਟ ਨਹੀਂ, ਇਹ ਕਹਾਣੀ ਕਿਵੇਂ ਹੋਈ। ਜਿਸ ਦੇ ਉੱਤਰ ਵਿਚ ਉਹਨਾਂ ਦੱਸਿਆ,

20