ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਵੇ ਤਾਂ ਇਹ ਕਹਾਣੀ ਨੂੰ ਸਮਾਂ ਵਿਚ ਬੰਨ੍ਹ ਦੇਂਦੀ ਹੈ। ਪ੍ਰਭਾਵ ਦੀ ਇਕਾਗਰਤਾ ਲਾਜ਼ਮੀ ਹੈ, ਪਰ ਨਿੱਕੀ ਕਹਾਣੀ ਵਿਚ ਇਸ ਦਾ ਮਤਲਬ ਹੈ ਇਕ ਨੁਕਤੇ ਉੱਤੇ ਧਿਆਨ ਟਿਕਿਆ ਰਹੇ। ਵਿਸ਼ੇ ਦਾ ਪੂਰੀ ਤਰ੍ਹਾਂ ਪ੍ਰਗਟ ਹੋਣਾ ਅਤੇ ਇਕਸਾਰਤਾ ਕਾਇਮ ਰਹਿਣਾ ਕਹਾਣੀ ਦੇ ਆਕਾਰ ਨੂੰ ਨਿਸ਼ਚਿਤ ਕਰਦੇ ਹਨ।

ਡਾ. ਦੀਵਾਨਾ ਅਨੁਸਾਰ ਵੀ ਕਹਾਣੀਕਾਰ ਕਿਸੇ ਇਕ ਗੱਲ ਦੀ ਗਵਾਹੀ ਦੇਂਦਾ ਹੈ; ਪਰ ਇਸ ਇਕ ਗੱਲ ਪਿੱਛੇ ਵੀ ਧਰਮਾਣਿਕ ਅਨੁਭਵ ਕੰਮ ਕਰਦਾ ਹੋਣਾ ਚਾਹੀਦਾ ਹੈ। ਹਰ ਨਿੱਕੀ ਘਟਨਾ ਦਾ ਵੀ ਕਾਰਨ ਅਤੇ ਅਸਰ ਦਾ ਰਿਸ਼ਤਾ ਪ੍ਰਤੱਖ ਹੋਵੇ ਅਤੇ ਇਹ ਖ਼ਤਮ ਹੋ ਕੇ ਸੋਚਾਂ ਦੀ ਇਕ ਨਿਰੰਤਰ ਲੜੀ ਛੱਡ ਜਾਏ। ਡਾ. ਦੀਵਾਨਾ ਨਿੱਤ ਦੇ ਜੀਵਨ ਅਤੇ ‘ਜ਼ਿੰਮੀ ਦੇ ਨੇੜੇ' ਹੋਣ ਉਤੇ ਜ਼ੋਰ ਦੇਂਦਾ ਹੈ, ਪਰ ਉਸ ਵਿਚ ਅੱਗੋਂ’ ਉਹ ਵੱਡੇ ਛੋਟੇ ਵਿਚਕਾਰ ਨਿਖੇੜ ਕਰਨ ਨੂੰ ਤਿਆਰ ਨਹੀਂ; ਕਿਉਂਕਿ ਵੱਡਿਆਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਸਵਾਦ ਦੇ ਜਾਂਦੀਆਂ ਹਨ ਅਤੇ ਨਿੱਕੇ ਬੰਦੇ ਵੀ ਵੱਡੇ ਕਾਰਨਾਮੇ ਕਰ ਸਕਦੇ ਹਨ।

ਸੋ ਅਸੀਂ ਕਹਿ ਸਕਦੇ ਹਾਂ ਕਿ ਇਸ ਸਦੀ ਦਾ ਪੰਜਵਾਂ ਦਹਾਕਾ ਆਧੁਨਿਕ ਪੰਜਾਬੀ ਨਿੱਕੀ ਕਹਾਣੀ ਦੇ ਇਤਿਹਾਸ ਵਿਚ ਮਹੱਤਵਪੂਰਨ ਹੈ। ਇਸੇ ਦਹਾਕੇ ਵਿਚ ਹੀ ਇਸ ਵਿਧੀ ਦੇ ਮੋਢੀਆਂ ਦੀਆਂ ਰਚਨਾਵਾਂ ਪੁਸਤਕ ਰੂਪ ਵਿਚ ਛਪੀਆਂ ਅਤੇ ਇਸੇ ਦਹਾਕੇ ਵਿਚ ਹੀ ਇਹਨਾਂ ਕਹਾਣੀਕਾਰਾਂ ਵਲੋਂ ਨਿੱਕੀ ਕਹਾਣੀ ਦੇ ਸ਼ਾਸਤਰ ਦੀ ਨੀਂਹ ਰੱਖੀ ਗਈ ਅਤੇ ਇਸ ਨੂੰ ਅੱਗੇ ਤੋਰਿਆ ਗਿਆ।

ਇਸ ਖੇਤਰ ਵਿਚ ਇਸ ਤੋਂ ਮਗਰਲਾ ਕੰਮ ਸਾਹਿਤਲੋਚਕਾਂ ਅਤੇ ਸਾਹਿਤਸ਼ਾਸਤਰੀਆਂ ਵਲੋਂ ਕੀਤਾ ਗਿਆ, ਜਿਸ ਨੂੰ ਅਸੀਂ ਅਗਲੇ ਕਾਂਡ ਵਿਚ ਲਵਾਂਗੇ।

44