ਸ਼ਾਇਦ ਆਪਣੇ ਆਪ ਨੂੰ ਕੋਈ ਵੀ ਅਖਵਾਉਣ ਨੂੰ ਤਿਆਰ ਨਹੀਂ (ਦੁੱਗਲ ਵੀ ਨਹੀਂ, ਭਾਵੇਂ ਉਸ ਨੂੰ ਇਸ ਧਾਰਾ ਦਾ ਮੋਢੀ ਹੋਣ ਦਾ ਮਾਣ ਬਖ਼ਸ਼ਿਆ ਜਾਂਦਾ ਹੈ)। ਚਤੁਰ ਲੋਕ ਆਪਣੇ ਆਪ ਨੂੰ ਆਧੁਨਿਕਤਾਵਾਦੀ ਕਹਿ ਲੈਂਦੇ ਹਨ, ਜਿਸ ਦੇ ਪ੍ਰਧਾਨ ਲੱਛਣਾਂ ਵਿਚ ਪ੍ਰਕਿਰਤੀਵਾਦ ਅਤੇ ਫ਼ਰਾਇਡਵਾਦ ਦੋਵੇਂ ਹੀ ਆ ਜਾਂਦੇ ਹਨ।
ਇਹ ਸਾਰੀਆਂ ਵਿਚਾਰਧਾਰਾਵਾਂ ਆਲੋਚਕਾਂ ਵਿਚ ਵੀ ਮਿਲਦੀਆਂ ਹਨ, ਅਤੇ ਉਹ ਉਸੇ ਵਿਚਾਰਧਾਰਾ ਦੇ ਲੇਖਕ ਦੀ ਹੀ ਤਾਰੀਫ਼ ਕਰਦੇ ਹਨ, ਜਿਹੜੀ ਉਹਨਾਂ ਦੀ ਆਪਣੀ ਹੁੰਦੀ ਹੈ। ਇਹ ਗੱਲ ਬੜੀ ਕੁਦਰਤੀ ਲਗਦੀ ਹੈ, ਪਰ ਇਸ ਤਰ੍ਹਾਂ ਵਿਚਾਰਧਾਰਾ ਨੂੰ ਮੁਲਾਂਕਣ ਵਿਚ ਨਿਰਣਾਇਕ ਸਥਾਨ ਪ੍ਰਾਪਤ ਹੋ ਜਾਂਦਾ ਹੈ।
ਪਰ ਉਪਰੋਕਤ ਸਾਰੇ ਵਰਗੀਕਰਣਾਂ ਦਾ ਆਧਾਰ ਕੀ ਹੈ? ਲੇਖਕਾਂ ਦੀ ਰਚਨਾ? ਪਰ ਕਿਸੇ ਵੀ ਕਹਾਣੀਕਾਰ ਦੀ ਸਮੁੱਚੀ ਰਚਨਾ, ਜਾਂ ਉਸ ਦੀ ਪ੍ਰਧਾਨ ਰੰਗਤ ਇਸ ਪ੍ਰਕਾਰ ਦੀ ਨਹੀਂ ਕਿ ਉਸ ਨੂੰ ਕਿਸੇ ਇਕ ਖ਼ਾਨੇ ਵਿਚ ਟਿਕਾਇਆ ਜਾ ਸਕੇ।
ਲੇਖਕਾਂ ਦੇ ਆਪਣੇ ਬਾਰੇ ਕਥਨ? ਕਿਸੇ ਹੱਦ ਤਕ ਇਹ ਠੀਕ ਹੈ। ਬਹੁਤੇ ਲੇਖਕਾਂ ਨੂੰ ਅਸੀਂ ਮਾਰਕਸਵਾਦੀ ਇਸ ਕਰਕੇ ਕਹਿੰਦੇ ਹਾਂ, ਕਿਉਂਕਿ ਉਹ ਆਪਣੇ ਆਪ ਨੂੰ ਮਾਰਕਸਵਾਦੀ ਕਹਿੰਦੇ ਹਨ। ਪਰ ਤਾਂ ਵੀ ਇਹ ਗੱਲ ਪੂਰੀ ਤਰ੍ਹਾਂ ਠੀਕ ਨਹੀਂ। ਕਿਉਂਕਿ ਦੁੱਗਲ ਨੇ ਆਪਣੇ ਆਪ ਨੂੰ ਫ਼ਰਾਇਡਵਾਦੀ ਕਦੀ ਨਹੀਂ ਕਿਹਾ, ਪਰ ਅਸੀਂ ਉਸ ਨੂੰ ਪ੍ਰਧਾਨ ਰੂਪ ਵਿਚ ਫ਼ਰਾਇਡਵਾਦੀ ਹੀ ਕਹਿੰਦੇ ਆ ਰਹੇ ਹਾਂ। ਦੂਜੇ ਪਾਸੇ ਸੇਖੋਂ ਨੇ ਇਕ ਤੋਂ ਬਹੁਤੀਆਂ ਥਾਵਾਂ ਉਤੇ ਇਹ ਮੰਨਿਆ ਹੈ ਕਿ ਇਕ ਸਮੇਂ ਉਹ ਮੂਲ ਰੂਪ ਵਿਚ ਫ਼ਰਾਇਡਵਾਦੀ ਸੀ, ਗੌਣ ਰੂਪ ਵਿਚ ਮਾਰਕਸਵਾਦੀ। ਉਦਾਹਰਣ ਵਜੋਂ 17 ਜੁਲਾਈ, 1983 ਦੇ ਅਜੀਤ ਵਿਚ ਉਹ ਲਿਖਦਾ ਹੈ: 'ਸਾਡੇ ਨਵੇਂ ਪ੍ਰਗਤੀਵਾਦੀਆਂ ਦੀ ਰੁਚੀ ਉਸ ਸਮੇਂ ਜਦੋਂ ਅਸੀਂ ਜਵਾਨੀ ਦੀ ਰੋਮਾਂਟਿਕ ਅਵਸਥਾ ਵਿਚ ਵਿਚਰਦੇ ਸਾਂ, ਲਿੰਗ ਸੰਬੰਧਾਂ ਦੇ ਆਧੁਨਿਕੀਕਰਣ ਵੱਲ ਬਹੁਤ ਮੁੜਦੀ ਸੀ ਤੇ ਇਸ ਪ੍ਰਕਿਰਿਆ ਵਿਚ ਫ਼ਰਾਇਡਵਾਦ ਬੜਾ ਸਹਾਈ ਹੁੰਦਾ ਸੀ। ਸੋ ਮੇਰੀਆਂ ਕਹਾਣੀਆਂ ਵਿਚ ਮਾਰਕਸਵਾਦੀ ਸਿਧਾਂਤ ਦਾ ਪ੍ਰਭਾਵ ਤਾਂ ਗੌਣ ਰੂਪ ਹੀ ਸੀ, ਫ਼ਰਾਇਡਵਾਦੀ ਪ੍ਰਭਾਵ ਪ੍ਰਧਾਨ ਸੀ।......' ਇਸੇ ਗੱਲ ਨੂੰ ਉਹ 24 ਜੁਲਾਈ, 1983 ਦੇ ਅਜੀਤ ਵਿਚ ਮੁੜ ਦੁਹਰਾਉਂਦਾ ਹੈ: 'ਮੈਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਮੇਰੀ ਸਾਹਿਤ ਦ੍ਰਿਸ਼ਟੀ ਉਤੇ ਮਾਰਕਸੀ ਸਿਧਾਂਤ ਤੋਂ ਪਹਿਲਾਂ ਤੇ ਇਸ ਦੇ ਨਾਲ ਨਾਲ ਵੀ ਕੁਝ ਹੋਰ ਬਲਵਾਨ ਪ੍ਰਭਾਵ ਪਏ ਹਨ, ਜਿਨ੍ਹਾਂ ਨੂੰ ਉਦਾਰਵਾਦੀ ਤੇ ਫ਼ਰਾਇਡਵਾਦੀ ਦੇ ਗੁੱਟਾਂ ਵਿਚ ਵੰਡਿਆ ਜਾਂਦਾ ਹੈ। ਮੈਂ ਇਕ ਉਦਾਰਵਾਦੀ ਹਾਂ ਤੇ ਮੈਨੂੰ ਕਾਮਮਈ ਕਾਮਮਈ ਤੇ ਚਿਤਰਾਂ ਵਿਚੋਂ ਅਨੰਦ ਮਿਲਦਾ ਹੈ, ਤੇ ਜਿਹੜਾ ਸਾਹਿਤ ਅਜਿਹੇ ਪ੍ਰਭਾਵ ਪ੍ਰਵਾਨ ਕਰਦਾ ਹੈ, ਮੈਂ ਉਸ ਦਾ ਮੁਲਿਅੰਕਣ ਕਰਨ ਲਈ ਉਸ ਉਤੇ ਮਾਰਕਸਵਾਦੀ ਮਾਪਦੰਡ ਨਹੀਂ ਲਗਾਦਾ।' ਪਰ ਸਾਡੇ ਆਲੋਚਕਾਂ ਨੇ ਅੰਸ਼ਕ ਰੂਪ ਵਿਚ ਵੀ ਉਸ ਨੂੰ ਫ਼ਰਾਇਡਵਾਦੀ ਨਹੀਂ ਦਸਿਆ। ਉਸ ਦੀਆਂ ਫ਼ਰਾਇਡਵਾਦੀ ਪ੍ਰਭਾਵ ਵਾਲੀਆਂ ਲਿਖਤਾਂ ਪਿੱਛੇ ਵੀ ਕੋਈ
90