ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਟਿਲ ਹੁੰਦੇ ਜਾਂਦੇ ਹਨ, ਜਿਸ ਨਾਲ ਵਿਚਾਰਧਾਰਕ ਸੰਰਚਨਾ ਵੀ ਜਟਿਲ ਹੁੰਦੀ ਜਾਂਦੀ ਹੈ।

ਹਰ ਵਿਚਾਰਧਾਰਾ ਦਾ ਪ੍ਰਧਾਨ ਰੂਪ ਵਿਚ ਆਰਥਿਕ ਆਧਾਰ ਅਤੇ ਸ਼ਰੇਣੀ ਮੂਲ ਹਮੇਸ਼ਾ ਹੀ ਪਛਾਣਿਆ ਜਾ ਸਕਦਾ ਹੈ। ਪਰ ਇਸ ਦੇ ਨਾਲ ਹੀ ਇਸ ਵਿਚੋਂ ਜਿਹੜੇ ਅੰਸ਼ ਨਿਖੇੜੇ ਜਾ ਸਕਦੇ ਹਨ, ਉਹਨਾਂ ਵਿਚ ਇਕ ਪਰੰਪਰਾ ਦਾ ਅੰਸ਼ ਹੈ। ਭੈੜੇ ਵਿਰਸੇ ਤੋਂ ਵੀ ਖਹਿੜਾ ਛੁਡਾਉਣਾ ਏਨਾ ਸੌਖਾ ਨਹੀਂ ਹੁੰਦਾ, ਭਾਵੇਂ ਅਸੀਂ ਇਸ ਦੇ ਭੈੜੇਪਣ ਤੋਂ ਕਿੰਨੇ ਹੀ ਚੇਤੰਨ ਕਿਉਂ ਨਾ ਹੋ ਗਏ ਹੋਈਏ। ਦੂਜਾ ਅੰਸ਼ ਸਮਾਜਕ ਸ਼ਰੇਣੀਆਂ ਅਤੇ ਗਰੁੱਪਾਂ ਦੇ ਪ੍ਰਸਪਰ ਪ੍ਰਭਾਵ ਦਾ ਹੁੰਦਾ ਹੈ, ਜਿਹੜਾ ਉਹ ਪ੍ਰਸਪਰ ਤਵਾਜ਼ਨ ਵਿਚ ਪ੍ਰਮੁਖਤਾ ਪ੍ਰਾਪਤ ਕਰਨ ਲਈ ਇਕ ਦੂਜੀ ਉਪਰ ਪਾਉਂਦੇ ਰਹਿੰਦੇ ਹਨ। ਇਸ ਵਿਚ ਬੇਸ਼ਕ ਆਰਥਿਕ ਪ੍ਰਮੁੱਖਤਾ ਰਖਦੀਆਂ ਸ਼ਰੇਣੀਆਂ ਦਾ ਪ੍ਰਭਾਵ ਹੀ ਪ੍ਰਮੁੱਖ ਹੋਵੇਗਾ, ਜਿਸ ਨੂੰ ਨਿਮਨ ਸ਼ਰੇਣੀਆਂ ਦੀ ਵਿਚਾਰਧਾਰਾ ਵਿਚ ਪਛਾਣਿਆ ਜਾ ਸਕਦਾ ਹੈ। ਇਸ ਫ਼ੌਰੀ ਮਾਹੌਲ ਵਿਚ ਚੱਲ ਰਹੇ ਵਿਚਾਰਧਾਰਕ ਅਮਲਾਂ ਦੇ ਨਾਲ ਨਾਲ ਕੌਮੀ ਅਤੇ ਕੌਮਾਂਤਰੀ ਮਾਹੌਲ ਤਕ ਵਿਚਲੇ ਅੰਸ਼ ਵੀ ਅਸਰ ਅੰਦਾਜ਼ ਹੁੰਦੇ ਰਹਿੰਦੇ ਹਨ। ਲੇਖਕ ਦਾ ਨਿੱਜਤਵ ਆਪਣੇ ਆਪ ਵਿਚ ਇਕ ਮਹੱਤਵਪੂਰਨ ਅੰਸ਼ ਹੈ, ਖ਼ਾਸ ਕਰਕੇ ਜੇ ਉਹ ਸਮਾਜਕ ਤੌਰ ਉਤੇ ਸਮਰੱਥ ਹੋਵੇ ਅਤੇ ਇਕੋ ਵੇਲੇ ਵੱਖੋ ਵਖਰੀਆਂ ਸ਼ਰੇਣੀਆਂ ਦਾ ਬੁਲਾਰਾ ਅਤੇ ਵਿਸ਼ਵਾਸਪਾਤਰ ਹੋਣੇ ਦਾ ਦਾਅਵਾ ਕਰਦਾ ਹੋਵੇ। ਇਹੋ ਜਿਹੇ ਵਿਅਕਤੀ ਦੀ ਵਿਚਾਰਧਾਰਾ ਵੀ ਸਵੈਧੀਨ ਦਿੱਖ ਰੱਖਣ ਦੇ ਬਾਵਜੂਦ ਉਪਰ ਗਿਣਵਾਏ ਅੰਸ਼ਾਂ ਦੇ ਨਾਲ ਨਾਲ ਸਮੇਂ ਦੀਆਂ ਸਮਾਜਕ ਤਾਕਤਾਂ ਵਿਚਲੇ ਤਵਾਜ਼ਨ ਨੂੰ ਪੇਸ਼ ਕਰ ਰਹੀ ਹੁੰਦੀ ਹੈ।

ਕਦੀ ਸਾਮਰਾਜੀ ਗੁਲਾਮੀ ਵਿਚ ਰਹਿ ਚੁੱਕੇ ਪਰ ਹੁਣ ਸਵੈਧੀਨ ਹੋ ਚੁੱਕੇ ਅਤੇ ਵਿਕਾਸ ਕਰ ਰਹੇ ਦੇਸ਼ਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹਨਾਂ ਦੀ ਸਮਾਜਕ ਬਣਤਰ ਪ੍ਰਧਾਨ ਰੂਪ ਵਿਚ ਇਕ ਪ੍ਰਕਾਰ ਦੀ ਨਹੀਂ। ਕਈ ਸਮਾਜਾਂ ਵਿਚ ਤਾਂ ਇਕੋ ਵੇਲੇ ਆਦਿ-ਮਾਨਵੀ ਸਮੂਹਾਂ ਤੋਂ ਲੈ ਕੇ ਅਤਿ ਉੱਨਤ ਸਮਾਜਵਾਦੀ ਵਿਚਾਰਧਾਰਾ ਵਾਲੇ ਸਮੂਹ ਨੂੰ ਦੇਖਿਆ ਜਾ ਸਕਦਾ ਹੈ। ਭਾਰਤ ਵਰਗੇ ਦੇਸ਼ ਵਿਚ ਆਜ਼ਾਦੀ ਦੇ 40 ਸਾਲਾਂ ਦੇ ਦੌਰਾਨ ਸਰਮਾਇਦਾ ਨਜ਼ਾਮ ਆਪਣੇ ਪੈਰ ਪੂਰੀ ਤਰ੍ਹਾਂ ਜ਼ਮਾ ਚੁੱਕਾ ਹੈ, ਤਾਂ ਵੀ ਇਹ ਆਪਣੇ ਆਪ ਨੂੰ ਇਸ ਦੇ ਸਮਰਥ ਨਹੀਂ ਸਮਝਦਾ ਕਿ ਆਪਣੇ ਏਕਾਧਿਕਾਰ ਦਾ ਐਲਾਨ ਕਰ ਸਕੇ। ਇਹ ਕਿਤੇ ਸਾਮੰਤਵਾਦੀ, ਸਗੋਂ ਆਦਿ-ਕਾਲੀ ਹਨੇਰ ਬਿਰਤੀ ਵਾਲੇ ਅੰਸ਼ਾਂ ਦਾ ਆਸਰਾ ਲੈਂਦਾ ਹੈ, ਕਦੀ ਪ੍ਰਗਤੀਸ਼ੀਲ ਸਮਾਜਵਾਦੀ ਅੰਸ਼ਾਂ ਦਾ ਵਖੋ ਵਖਰੇ ਤਬਕਿਆਂ ਦੀ ਮੌਜੂਦਗੀ ਸਗੋਂ ਦਸ਼ਮਣੀ, ਵੀ ਇਸ ਲਈ ਠੁਮਣੇ ਦਾ ਕੰਮ ਦੇਂਦੀ ਹੈ, ਕਿਉਂਕਿ ਇਹ ਇਹਨਾਂ ਵਿਚਲੇ ਵਿਰੋਧ ਭੜਕਾ ਕੇ ਆਪਣੀ ਹੋਂਦ ਵਿਚਲੇ ਵਿਰੋਧਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਰੱਖ ਸਕਦਾ ਹੈ।

ਇਸ ਅਵਸਥਾ ਵਿਚ ਸਮਾਜਕ ਬਣਤਰ ਦੇ ਭਾਗ ਵਜੋ ਹੇਠ ਲਿਖੀਆਂ ਸ਼ਰੇਣੀਆਂ

92