ਪੰਨਾ:ਨੂਰੀ ਦਰਸ਼ਨ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕਾਹਨੂੰ ਅੱਖਾਂ ਫੇਰਨਾਂ ਏਂ ਹੁਣ ਸ਼ਰਮਾਕਲਾ ਵੇ,
ਵਿੰਨ੍ਹ ਕੇ ਕਲੇਜਾ ਮੇਰਾ ਕਿਉਂ ਸ਼ਰਮਾਏ ਤੀਰ ?
ਤੇਗ਼ ਤੇਰੀ ਟੰਗਣੇ ਨੂੰ ਬਾਂਕਿਆ ਸਿਪਾਹੀਆ ਵੇ,
ਸੀਨੇ ਵਿੱਚ ਕਿੱਲੀਆਂ ਦੀ ਜਗਾ ਮੈਂ ਸਜਾਏ ਤੀਰ ।
ਮੈਨੂੰ ਪਲਕਾਂ ਤੇਰੀਆਂ ਦਾ ਬੱਝਾ ਏ ਖ਼ਿਆਲ ਐਡਾ,
ਸੌਣ ਲੱਗੀ ਸੇਜ ਤੇ ਮੈਂ ਵੱਟਾਂ ਦੇ ਵਛਾਏ ਤੀਰ ।
ਸੱਸ ਕੋਲੋਂ ਕੰਬਦੀ ਨਨਾਣ ਕੋਲੋਂ ਸਹਿਮਦੀ ਹਾਂ,
ਨਿੱਤ ਤੇਰੇ ਤਾਨ੍ਹਿਆਂ ਦੇ ਲੌਂਦੀਆਂ ਸਵਾਏ ਤੀਰ ।
ਓਧਰ ਮੈਨੂੰ ਜਾਪਦੀ ਏ ਸੂਲੀ ਮਨਸੂਰ ਵਾਲੀ,
ਏਧਰ ਮੈਥੋਂ ਰਹਿਣ ਨ ਪਰੇਮ ਦੇ ਛਪਾਏ ਤੀਰ ।
ਸਾਂਭ ਸਾਂਭ ਰੱਖੀਆਂ ਨਿਸ਼ਾਨੀਆਂ ਮੈਂ ਤੇਰੀਆਂ ਏਹ,
ਜਿੱਥੇ ਜਿੱਥੇ ਵੱਜੇ ਹੈਨ ਉੱਥੋਂ ਨਾ ਹਿਲਾਏ ਤੀਰ ।
ਮਾਹੀ ਤੇਰੇ ਘੱਲਿਆਂ ਦੀ ਕਰਾਂ ਕਿਉਂ ਨਿਆਦਰੀ ਮੈਂ,
ਡਿੱਗੇ ਹੋਏ ਫੱਟਾਂ ਵਿੱਚੋਂ, ਫੇਰ ਏਹ ਖੁਭਾਏ ਤੀਰ ।
ਸਾਕ ਰੱਤੋਂ ਲੱਗਦੇ ਨੇ ਐਡੇ ਮੇਰੇ ਨੇੜੇ ਦੇ ਏਹ,
ਨਾੜਾਂ ਦੀ ਥਾਂ ਦੇਹੀ ਵਿਚ ਚੁਗ ਕੇ ਖਪਾਏ ਤੀਰ ।
ਹੁੰਦੜ ਹੇਲ ਮਾਹੀ, ਮੈਨੂੰ ਉਦੋਂ ਦਾ ਤੂੰ ਫੱਟਿਆ ਏ,
ਵਾਂਸ ਦੀ ਕਮਾਨ ਜਦੋਂ ਕਾਨੇ ਦੇ ਚਲਾਏ ਤੀਰ ।
ਸੁੰਦਰ ਕਲਗ਼ੀ ਵਾਲਿਆ ਅਨੋਖਿਆ ਸ਼ਿਕਾਰੀਆ ਵੇ,
ਤੇਰੇ ਲਈ ਅਨੋਖੜੇ ਹੀ ਅਰਸ਼ਾਂ ਤੋਂ ਆਏ ਤੀਰ ।
ਉੱਕੇ ਨਾ ਨਿਸ਼ਾਨਿਆਂ ਤੋਂ ਸਿੱਧੇ ਤੁੱਕ ਜਾ ਵੱਜੇ,
ਕਰਮਾਂ ਦੀ ਕਾਨੀ ਵਾਂਗੂੰ ਐਸੇ ਤੂੰ ਚਲਾਏ ਤੀਰ ।
ਰੱਤੇ ਰੱਤੇ ਛੁੱਟ ਪਏ ਫੁਹਾਰੇ ਸਾਰੇ ਰਣ ਵਿੱਚ,
ਜੇਹੜੇ ਪਾਸੇ ਪਹੁੰਚ ਗਏ ਇਹ ਲਹੂ ਦੇ ਤਿਹਾਏ ਤੀਰ ।
ਕਾਲੇ ਕਾਲੇ ਘਟਾਂ ਜਹੇ ਵੈਰੀਆਂ ਦੇ ਦਲਾਂ ਉੱਤੇ,
ਚਿੱਟੇ ਚਿੱਟੇ ਮੂੰਹਾਂ ਵਾਲੇ ਏਦਾਂ ਤੂੰ ਚੜ੍ਹਾਏ ਤੀਰ ।

੧੩੦.