ਪੰਨਾ:ਨੂਰੀ ਦਰਸ਼ਨ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਦਰਸ਼ਨ

ਨਿਰੰਕਾਰੀ ਨੂਰ

ਕਾਲੂ ਚੰਦ ਜੀ ਦੇ ਚੰਦ ਪ੍ਯਾਰੇ ਦਿਲ ਬੰਦ ਵਾਲਾ,
ਜੇੜ੍ਹੇ ਵੇਲੇ ਅਰਸ਼ਾਂ ਉੱਤੇ ਰੱਬ ਨੇ ਰਚਾਯਾ ਨੂਰ ।
ਫੁੱਟ ਪਏ ਫੁਹਾਰੇ ਵੇਖ ਖ਼ੁਸ਼ੀ ਤੇ ਅਨੰਤ ਵਾਲੇ,
ਕੁਦਰਤੀ ਪਵਿੱਤਰਤਾ ਨੇ ਫੜ ਕੇ ਨੁਹਾਯਾ ਨੂਰ ।
ਸ਼ੁੱਧ ਸ਼ੁਭ ਸੁੰਦਰਤਾ ਦੀ ਗੋਦੜੀ ਲਿਆਂਦੀ ਗਈ,
ਅੱਖਾਂ ਦੇ ਪੰਘੂੜੇ 'ਚ ਅਪੱਛਰਾਂ ਨੇ ਪਾਯਾ ਨੂਰ,
ਦਿੱਤੀ ਲੋਰੀ ਗੋਰੀਆਂ ਨੇ ਗਵੇਂ ਮੰਗਲ ਚਾ ਵਾਲੇ,
ਵਾਰੀ ਵਾਰੀ ਸਾਰੀਆਂ ਖਿਡਾਯਾ ਪਰਚਾਯਾ ਨੂਰ ।
ਕਲੀਆਂ ਤੇ ਫੁਲਾਂ ਨੂੰ ਵੀ ਹੱਸਣ ਦੀ ਜਾਚ ਆ ਗਈ,
ਚਾਉ ਤੇ ਮਲਾਰ ਵੇਖ ਜਦੋਂ ਮੁਸਕ੍ਰਾਯਾ ਨੂਰ ।
ਦੇਵੀ ਤੇ ਦਿਓਤਿਆਂ ਨੂੰ ਹੋਈ ਇਹ ਅਕਾਸ਼ ਬਾਣੀ,
'ਆਓ, ਓਦ੍ਹੀ ਦੀਦ ਕਰੋ, ਜੇੜ੍ਹਾ ਮੈਂ ਸਜਾਯਾ ਨੂਰ ।
ਝਿਰਮਲਾਂਦੀ ਚਾਨਣੀ ਚਾ ਸੂਰਜ ਹੋਰਾਂ ਤਾਣ ਦਿੱਤੀ,
ਸੀਨੇ ਵਿੱਚੋਂ ਕੱਢ ਕੱਢ ਚੰਨ ਨੇ ਵਿਛਾਯਾ ਨੂਰ ।
ਹੂਰਾਂ ਦੀ ਮਲੂਕਤਾ ਤੇ ਹੁਸਨ ਦੀ ਨਜ਼ਾਕਤੀ ਨੇ,
ਫੁੱਲਾਂ ਵਾਲੀ ਸੋਹਲਤਾ ਦੇ ਸਿਰ ਤੇ ਬਿਠਾਯਾ ਨੂਰ ।
ਚੁੱਕ ਚੁੱਕ ਮੁਖੜੇ ਤੋਂ ਨੂਰ ਦੇ ਨਕਾਬ ਸਾਰੇ,
ਸੱਚ ਖੰਡ ਵਿੱਚ ਗਿਆ ਸਭ ਨੂੰ ਦਿਖਾਯਾ ਨੂਰ ।
ਉੱਚਾ ਪਰਕਾਸ਼ ਡਿੱਠਾ ਜਦੋਂ ਸੂਰਜ-ਬੰਸੀਏ ਦਾ,
ਦੀਵੇ ਵਾਂਙ ਦਿਓਤਿਆਂ ਦਾ ਵੇਖ ਸ਼ਰਮਾਯਾ ਨਰ ।
ਤਾਰੇ ਬਣ ਉਹ ਚਮਕਾਰੇ ਮਾਰੇ ਅੰਬਰਾਂ ਤੇ,
'ਓਸ-ਨੂਰ' ਉਤੋਂ ਜੇੜ੍ਹਾ ਓਦੋਂ ਸੀ ਲੁਟਾਯਾ ਨੂਰ ।

੧੩.