'ਭਗਤੀ' ਤੇ 'ਤਪ' ਨੇ ਭੀ ਆਦਰ ਨਾਲ ਅਗ੍ਹਾਂ ਹੋਕੇ,
ਅੱਖਾਂ ਉਤੇ ਚੁੱਕ ਚੁੱਕ ਮੁੱਖ ਤੇ ਚੜ੍ਹਾਯਾ ਨੂਰ ।
ਆਦਮੀ ਦੀ ਜੂਨ ਵੀ ਪਈ ਇਕ ਪਾਸੇ ਵੇਖਦੀ ਸੀ,
ਸ਼ਾਨਤੀ ਦਾ ਸੋਮਾ ਉਹ ਏਹਨੂੰ ਡਾਢਾ ਭਾਯਾ ਨੂਰ ।
ਦੁਬਿਧਾ ਦੀ ਮਾਰੀ ਅਤੇ ਭੁੱਲੀ ਤੇ ਹੰਕਾਰੀ ਵੇਖ,
ਬੜੀ ਦੁਖਿਆਰੀ ਦੇਖ ਓਦ੍ਹੇ ਵਲੇ ਧਾਯਾ ਨੂਰ ।
ਦੁੱਖਾਂ ਵਿਚ ਘੁਲਦੀ ਨੂੰ, ਪੈਰਾਂ ਹੇਠ ਰੁਲਦੀ ਨੂੰ,
ਬਾਂਹ ਫੜ, ਉਤ੍ਹਾਂ ਕਰ ਸੀਨੇ ਨਾਲ ਲਾਯਾ ਨੂਰ ।
ਨੀਝ ਨੂੰ ਵਿਖਾ ਦਿੱਤੇ ਭੇਤ ਗੁੱਝੇ ਮੁਕਤੀ ਦੇ,
ਉੱਲੀ ਖਾਧੀ 'ਮੱਤ' ਦਾ ਭੀ ਫੇਰ ਚਮਕਾਯਾ ਨੂਰ ।
'ਪੌਣ' ਸਾਰੀ ਕਢਕੇ ਤਕੱਬਰੀ ਦੀ ਬੁੱਤ ਵਿਚੋਂ,
ਰਿੱਧੀ ਸਿੱਧੀ ਨਾਲ ਫੇਰ 'ਅੱਗ' ਨੂੰ ਬਣਾਯਾ ਨੂਰ ।
'ਪਾਣੀ' ਵਾਲਾ ਤੱਤ ਸਾਰਾ ਪੁਣ ਪੁਣ ਪਾਣੀ ਵਿਚ,
'ਮਿਟੀ' ਸੰਦੇ ਪੁਤਲੇ ਨੂੰ ਚਾੜ੍ਹਿਆ ਸਵਾਯਾ ਨੂਰ ।
'ਨਾਨਕ ਜੀ ਦੀ ਜੈ' ਓਧਰ ਬੋਲ ਦਿਤੀ ਦਿਓਤਿਆਂ ਨੇ,
ਜਦੋਂ ਚਹੁਆਂ ਤੱਤਾਂ ਵਿਚ 'ਪੰਜਵਾਂ' ਰਲਾਯਾ ਨੂਰ ।
ਪਯਾਰੇ ਕਲਬੂਤ ਨੇ ਇਹ ਏਧਰੋਂ ਸਬੂਤ ਦਿੱਤਾ,
'ਇੱਕ ਓਅੰਕਾਰ' ਬੋਲ ਗੱਜ ਕੇ ਖਿੰਡਾਯਾ ਨੂਰ ।
ਉੱਤਮ ਆਤਮਾਵਾਂ ਨੇ ਇਹ ਖੇਡ ਵੇਖ ਜਾਣ ਲੀਤਾ,
ਓਸ ਉਪਕਾਰੀ ਨੇ ਇਹ ਆਪ ਹੈ ਉਪਾਯਾ ਨੂਰ ।
ਅੱਗ ਅਗਯਾਨ ਵਾਲੀ ਜੱਗ ਤੋਂ ਬੁਝੌਣ ਲਈ,
ਸ਼ਾਨਤੀ ਦੇ ਝਰਨਿਆਂ 'ਚੋਂ ਗਿਆ ਹੈ ਵਸਾਯਾ ਨੂਰ ।
ਭਾਗ ਦੀ ਲਕੀਰ ਵਾਂਙੂ ਚੁੱਕ ਕੇ ਹਥੇਲੀਆਂ ਤੇ,
ਓਸੇ ਵੇਲੇ ਜੱਗ ਉੱਤੇ ਦਿਓਤਿਆਂ ਪੁਚਾਯਾ ਨੂਰ ।
ਭੁੱਲੇ ਹੋਏ ਬੰਦਿਆਂ ਨੂੰ 'ਸ਼ਰਫ' ਰਾਹੇ ਪੌਣ ਲਈ,
ਸ੍ਵਰਗਾਂ ਦੀ ਡੰਡੀ 'ਤਲਵੰਡੀ' ਓਹੋ ਆਯਾ ਨੂਰ ।
੧੪.