ਪੰਨਾ:ਨੂਰੀ ਦਰਸ਼ਨ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਇਲਾਹੀ-ਪ੍ਰਕਾਸ਼

ਮੌਸਮ ਖੁਸ਼ੀ ਦਾ ਆ ਗਿਆ ਜੱਗ ਅੰਦਰ,
ਸਣੇ ਪੱਤਰਾਂ ਰੁੱਖ ਨਿਹਾਲ ਹੋ ਗਏ ।
ਜੀਭਾਂ ਕੱਢ ਕੇ ਫੁੱਲ ਪਏ ਸਹਿਕਦੇ ਸਨ,
ਭਰ ਭਰ ਝੋਲੀਆਂ ਨੂੰ ਮਾਲੋ ਮਾਲ ਹੋ ਗਏ ।
ਕੁਤ-ਕੁਤਾਰੀਆਂ ਕੱਢੀਆਂ ਪੌਣ ਜਹੀਆਂ,
ਮੂੰਹ ਕਲੀਆਂ ਦੇ ਹਸ ਹਸ ਲਾਲ ਹੋ ਗਏ ।
ਕੀਤੀ ਸੋਟ ਐਸੀ ਸੁੱਚੇ ਮੋਤੀਆਂ ਦੀ,
ਖਾਲੀ ਅੰਬਰਾਂ ਦੇ ਸੱਤੇ ਥਾਲ ਹੋ ਗਏ ।
ਗਾਵਣ ਗੀਤ ਇਹ ਬਲਬੁਲਾਂ ਮਸਤ ਹੋਈਆਂ,
ਸੁਣ ਕੇ ਫੁੱਲਾਂ ਨੂੰ ਬੜਾ ਅਨੰਦ ਆਯਾ ।
ਇੱਕ ਓਅੰਕਾਰ ਦੀਆਂ ਰਿਸ਼ਮਾਂ ਪੌਣ ਵਾਲਾ,
ਕਾਲੂ ਚੰਦ ਦੇ ਘਰ ਅੱਜ ਚੰਦ ਆਯਾ ।
ਬੁੱਲੇ ਵਹਦਤੀ ਛੱਡ ਕੇ ਹਿੰਦ ਅੰਦਰ,
ਬੱਦਲ ਸ਼ਿਰਕ ਵਾਲੇ ਸਾਰੇ ਦੂਰ ਕੀਤੇ ।
ਜਲਵੇ 'ਇੱਕ ਓਂਕਾਰ' ਦੇ ਦੱਸ ਕੇ ਤੇ,
ਸੀਨੇ ਪੱਥਰਾਂ ਦੇ ਨੂਰੋ ਨੂਰ ਕੀਤੇ ।
ਜੇੜ੍ਹੇ ਨਾਮ ਵੱਲੋਂ ਹਿਰਦੇ ਸੱਖਣੇ ਸਨ,
ਹਰੀ ਨਾਮ ਦੇ ਨਾਲ ਭਰਪੂਰ ਕੀਤੇ ।
ਐਸਾ ਕਰਨੀਆਂ ਦਾ ਚੰਦ ਚਾੜ੍ਹ ਦਿੱਤਾ,
ਕੌਡੇ ਜਿਹਾਂ ਦੇ ਨਾਮ ਮਸ਼ਹੂਰ ਕੀਤੇ ।
ਬਾਲੇ ਪਨ ਅੰਦਰ ਕੀਤੇ ਖਰੇ ਸੌਦੇ,
ਤਾਂਘ ਤੋੜ ਕੇ ਕੂੜੀਆਂ ਖੱਟੀਆਂ ਦੀ ।
ਫੱਟੇ ਹੋਏ ਸਨ ਕਾਲਜੇ ਪੱਥਰਾਂ ਨੇ,
ਪੱਟੀ ਬੰਨ੍ਹ ਦਿੱਤੀ ਥੱਬੇ-ਪੱਤੀਆਂ ਦੀ।


੧੫.