ਪੰਨਾ:ਨੂਰੀ ਦਰਸ਼ਨ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੀ ਪਰਉਪਕਾਰੀ ਦੀ ਸਿਫ਼ਤ ਕਰਨੀ,
ਹੈ ਏ ਤੋੜਨਾ ਅੰਬਰੋਂ ਤਾਰਿਆਂ ਨੂੰ ।
ਸੱਤਾਂ ਪੀੜ੍ਹੀਆਂ ਦੀ ਸ਼ਾਹੀ ਬਖਸ਼ ਦੇਣੀ,
ਬਬਰ ਜਹੇ ਨਸੀਬਾਂ ਦੇ ਹਾਰਿਆਂ ਨੂੰ ।
ਤੇਰੇ ਮਿੱਠੜੇ ਬੋਲ ਪਰੇਮ ਵਾਲੇ,
ਮਿੱਠਾ ਕਰ ਦੇਵਣ ਖੂਹਾਂ ਖਾਰਿਆਂ ਨੂੰ ।
ਮੋਦੀਖਾਨਿਆਂ ਨੂੰ ਵਾਧੇ ਪਾ ਦੇਣੇ,
ਲੰਗਰ ਵੰਡ ਕੇ ਭੁੱਖਿਆਂ ਸਾਰਿਆਂ ਨੂੰ।
ਮੈਂ ਕੁਰਬਾਨ ਜਾਂ ਨੈਣਾਂ ਰਸੀਲਿਆਂ ਤੋਂ,
ਐਸੀ ਮਦ ਦੇ ਨਾਲ ਸਨ ਭਰੇ ਹੋਏ ।
ਜਿੱਧਰ ਵੱਗ ਗਈ ਸੁੰਦਰ ਨਿਗਾਹ ਤੇਰੀ,
ਲੱਖਾਂ ਉੱਜੜੇ ਖੇਤ ਸਨ, ਹਰੇ ਹੋਏ ।
ਸੂਰਜ-ਬੰਸੀਏ ! ਜੱਗ ਤੇ ਹੋਈ ਜ਼ਾਹਰ,
ਰਿੱਧੀ ਸਿੱਧੀ ਦੀ ਨਵੀਂ ਤਾਸੀਰ ਤੇਰੀ ।
ਕਿੱਸਾ ਵਲੀ ਕੰਧਾਰੀ ਦਾ ਯਾਦ ਆਵੇ,
ਸ਼ਾਨ ਦੱਸਦੇ ਨੇ ਪਰਬਤ-ਨੀਰ ਤੇਰੀ ।
ਹਿੰਦੂ, ਮੁਸਲਿਮ ਦੇ ਸਾਂਝਿਆ ਰਾਂਝਿਆ ਵੇ,
ਸੰਗਤ ਬਾਵਰੀ ਹੋਈ ਏ ਹੀਰ ਤੇਰੀ ।
ਰੱਖੇ ਰੁਤਬਾ *'ਹੁਮਾ' ਦਾ ਛਾਂ ਓਹਦੀ,
ਜੇੜ੍ਹੀ ਕੰਧ ਤੇ ਹੋਵੇ ਤਸਵੀਰ ਤੇਰੀ ।
ਦਰਜੇ 'ਦਾਰ' ਸਿਕੰਦਰ ਦੇ ਪਾ ਲੀਤੇ,
ਤੇਰੇ ਨੌਕਰਾਂ ਦੇ ਅਦਨਾ ਨੌਕਰਾਂ ਨੇ।
ਪਰੀਆਂ ਮੋਰਛਲ ਜਿਨ੍ਹਾਂ ਨੂੰ ਕਰਨ ਆਕੇ,
ਤੇਰੇ ਬੂਹੇ ਤੇ ਫੇਰਦੇ, ਬਹੁਕਰਾਂ ਨੇ।


  • ਜਿਸ ਦਾ ਪਰਛਾਵਾਂ ਬਾਦਸ਼ਾਹ ਬਣਾ ਦੇਂਦਾ ਹੈ।


੧੬.