ਪੰਨਾ:ਨੂਰੀ ਦਰਸ਼ਨ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹ ਕੀ ਸ੍ਵਰਗਾਂ ਨੂੰ ਜਾਣਦੇ ਭਲਾ ਜਿਨ੍ਹਾਂ,
ਸੱਚ-ਖੰਡ ਦੀਆਂ ਵਾਟਾਂ ਤੱਕੀਆਂ ਸਨ ?
ਕੌੜੇ ਰੀਠਿਆਂ ਨੂੰ ਮਿੱਠਾ ਕਰ ਦੇਣਾ,
ਏਹ ਕਰਾਮਾਤਾਂ ਤੇਰੀਆਂ ਪੱਕੀਆਂ ਸਨ ।
ਪੜਦੇ ਜ਼ੁਲਮ ਦੇ ਪਾ ਕੇ ਮੁੱਖੜੇ ਤੇ,
ਅੱਖਾਂ ਲੋਦੀ ਸਿਕੰਦਰ ਨੇ ਢੱਕੀਆਂ ਸਨ।
ਤੇਰੇ ਸ਼ਬਦ ਅਨੋਖੇ ਤੋਂ ਜਾਂ ਸਦਕੇ,
ਫਿਰ ਫਿਰ ਸਾਹ ਨਾ ਲੈਂਦੀਆਂ ਚੱਕੀਆਂ ਸਨ ।
ਸ਼ਿਵ ਜੀ ਆਪ ਲਪੇਟ ਕੇ ਲਿਟਾਂ ਅੰਦਰ,
ਹੱਥੀਂ ਆਪਣੀ ਨਾਗ ਦੀ ਥਾਂ ਕੀਤੀ ।
ਤੈਨੂੰ ਸੁੱਤਿਆਂ ਆਈ ਜੇ ਧੁੱਪ ਕਿਧਰੇ,
ਸਿਰ ਤੇ ਆਣ ਕੇ ਸੱਪਾਂ ਨੇ ਛਾਂ ਕੀਤੀ ।
ਤੇਰੇ ਜਨਮ-ਸੁਭਾਗੇ ਦੀ ਖੁਸ਼ੀ ਅੰਦਰ,
ਚੜ੍ਹੀਆਂ ਕੁਲ ਤ੍ਰੈਲੋਕੀ ਨੂੰ ਲਾਲੀਆਂ ਨੇ ।
ਚਾਈਂ ਚਾਈਂ ਅਪੱਛਰਾਂ ਮੌਜ ਅੰਦਰ,
ਸੂਰਜ ਚੰਦ ਦੀਆ ਪਰਸੀਆਂ ਥਾਲੀਆਂ ਨੇ ।
ਇੰਦ੍ਰ ਪੁਰੀ ਤੇ ਫੁੱਲ ਵਰਸਾ ਦਿੱਤੇ,
ਸੱਚ-ਖੰਡ ਦੇ ਗੰਧ੍ਰਬਾਂ, ਮਾਲੀਆਂ ਨੇ ।
ਏਸ ਜੱਗ ਤੇ ਭੀ ਤਿਰਿਆਂ ਸੇਵਕਾਂ ਨੇ,
ਘਰੋ ਘਰੀ ਦੀਵਾਲੀਆਂ ਬਾਲੀਆਂ ਨੇ ।
"ਸ਼ਰਫ" ਤੋੜ ਕੇ ਫੁੱਲ ਕਵੀਸ਼ਰੀ ਦੇ,
ਸੇਹਰਾ ਮੇਹਨਤਾਂ ਨਾਲ ਬਣਾਯਾ ਮੈਂ ।
ਬਾਬਾ ! ਮੇਰੀ ਭੀ ਨਜ਼ਰ ਮਨਜ਼ੂਰ ਕਰਨੀ,
ਬੜੀ ਸ਼ਰਧਾ ਦੇ ਨਾਲ ਹਾਂ ਆਯਾ ਮੈਂ ।
--੦--

੧੮.