ਜਲਵੇ ਇਕ ਓਂਕਾਰ ਦੇ ਵੇਖਦੇ ਨੇ,
ਲੋਕੀ ਉਨ੍ਹਾਂ ਦੀ ਅੱਜ ਤਸਵੀਰ ਚੁਮ ਚੁਮ ।
ਜਿਨ੍ਹਾਂ ਜਿਨ੍ਹਾਂ ਨੇ ਸੀਨੇ ਦੇ ਨਾਲ ਲਾਈ,
ਤੇਰੀ ਗੋਦੜੀ ਦੀ ਪਾਟੀ ਲੀਰ ਚੁਮ ਚੁਮ ।
ਤਾਜ ਕਲਗੀਆਂ ਸਿਰਾਂ ਤੇ ਰੱਖ ਦਿੱਤੇ,
ਮੱਥੇ ਉਨਾਂ ਦੇ ਸ਼ੁਭ ਤਕਦੀਰ ਚੁਮ ਚੁਮ ।
ਤੇਰੀ ਮਾਤਾ ਪਿਆਰੀ ਦਾ ਵਾਸਤਾ ਪਾ,
ਕਰਾਂ ਬੇਨਤੀ, ਖੱਟ ਇਹ ਜੱਸ ਜਾਵੀਂ।
ਜਿਵੇਂ ਡੁੱਬੀ ਨੂੰ ਅੱਗੇ ਤੋਂ ਤਾਰਿਆ ਸੀ,
ਤਿਵੇਂ ਹੁਣ ਭੀ ਤਾਰ ਕੇ ਦੱਸ ਜਾਵੀਂ ।
ਜਿੱਤੀਂ ਨਾਲ ਗਿਆਨ ਦੇ ਫੇਰ ਬਾਜ਼ੀ,
ਰਾਜੇ ਸ਼ਿਵ ਦੀਆਂ ਨਾਰਾਂ ਹਰਨੀਆਂ ਦੀ ।
ਮੰਤਰ ਇੱਕ ਓਂਕਾਰ ਦਾ ਦੱਸ ਕੇ ਤੇ,
ਮੁਕਤੀ ਕਰੀਂ ਨਾਲੇ ਜਾਦੂਗਰਨੀਆਂ ਦੀ ।
ਵੱਟੀ ਪਾਰਸ ਦੀ ਕੌਡੇ ਨੂੰ ਕਰੀਂ ਨਾਲੇ,
ਨਜ਼ਰ ਕੀਮੀਆ ਸੁੱਟ ਕੇ ਕਰਨੀਆਂ ਦੀ ।
ਵੈਰੀ ਠੱਗ ਦਾ ਬਣੀਂ ਤੂੰ ਆਪ ਸੱਜਣ,
ਗੱਲ ਛੱਡ ਕੇ ਕਰਨੀਆਂ ਭਰਨੀਆਂ ਦੀ ।
ਗੇੜੀ ਚੱਕੀਆਂ, ਰੀਠੇ ਭੀ ਕਰੀਂ ਮਿੱਠੇ,
ਦੁਨੀਆਂ ਦਾਰੀ ਦੇ ਵਿਚ ਵੀ ਫੱਸ ਜਾਵੀਂ,
ਲਹੂ ਦੁੱਧ ਵਗਾ, ਪਰ ਰੋਟੀਆਂ 'ਚੋਂ,
ਖਾਣੀ ਹੱਕ ਹਲਾਲ ਦੀ ਦੱਸ ਜਾਵੀਂ ।
ਤੇਰੇ ਜਿਹਾ ਹੈ ਜਿਨ੍ਹਾਂ ਨੂੰ ਪੁੱਤ ਮਿਲਿਆ,
ਧੰਨ ਧੰਨ ਉਹ ਪਿਤਾ ਤੇ ਮਾਂ ਤੇਰੀ ।
ਸੱਚ ਖੰਡ ਦਾ ਬਣੀ ਉਹ ਜਾ ਅੰਬਰ,
ਜੇੜ੍ਹੀ ਜ਼ਿਮੀਂ ਤੇ ਪੈ ਗਈ ਏ ਛਾਂ ਤੇਰੀ ।
੨੧.