ਪੰਨਾ:ਨੂਰੀ ਦਰਸ਼ਨ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਦਰਸ਼ਨ

ਸੋਢੀ ਸੁਲਤਾਨ

ਚੂਨੇ ਮੰਡੀ ਸ਼ਹਿਰ ਲਾਹੌਰੋਂ ਪਰਗਟ ਹੋਯਾ ਤਾਰਾ ।
ਬਾਲੇਪਨ ਵਿਚ ਮਸਤਕ ਅੰਦਰ ਆਣ ਪਿਆ ਚਮਕਾਰਾ ।

ਸ਼ਾਨ ਗ਼ਰੀਬੀ, ਤਬ੍ਹਾ ਅਮੀਰੀ, ਗੱਲ ਫ਼ਕੀਰਾਂ ਵਾਲੀ ।
ਵਲਾਂ ਛਲਾਂ ਦੇ ਵੱਲ ਨਾ ਜਾਨਣ ਦੋ ਜਗ ਸੰਦੇ ਵਾਲੀ ।

ਲੱਗੀ ਤਾਂਘ ਨਜ਼ਾਰੇ ਵਾਲੀ ਖਿੱਚ ਗੁਰਾਂ ਨੇ ਪਾਈ ।
ਲੱਭ ਲਿਆ ਜਾ ਨੂਰ ਹਕੀਕੀ ਅੱਖ ਜਿਦ੍ਹੀ ਤਿਰਹਾਈ ।

ਹੋ ਸਵਾਏ ਸੇਵਾ ਕੀਤੀ, ਐਨੀ ਟਹਿਲ ਕਮਾਈ ।
ਗੁਰੂ ਪਯਾਰੇ ਕੰਨਿਆਂ ਪਯਾਰੀ ਏਨ੍ਹਾਂ ਦੇ ਲੜ ਲਾਈ ।

ਹੁਕਮ ਹੋਯਾ ਤੇ ਥੜੇ ਬਣਾਏ ਸਤਿਗੁਰ ਨੇ ਫੜ ਢਾਏ ।
ਜਦ ਤੀਕਰ ਪਰਵਾਨ ਨ ਹੋਏ ਓਦੋਂ ਤੀਕ ਬਣਾਏ ।

ਗੁਰਿਆਈ ਦਾ ਚੋਲਾ ਲੈ ਕੇ ਐਸਾ ਰਾਜ ਕਮਾਯਾ ।
ਮੋਤੀਆਂ ਵਾਲੀ ਮਾਲਾ ਬਖ਼ਸ਼ੀ ਜੋ ਦਰ ਮੰਗਣ ਆਯਾ ।

ਚਹੁੰ ਕੁੰਟਾਂ ਤੋਂ ਹੁਮਹੁਮਾ ਕੇ ਖ਼ਲਕਤ ਚਰਨੀਂ ਢੁੱਕੀ ।
ਜਾਪ ਰਹੇ ਵਿਚ ਜੀਭ ਹਮੇਸ਼ਾਂ, ਆਖੀ ਗੱਲ ਨ ਉੱਕੀ ।

ਹਰ ਹਰ ਹਿਰਦੇ ਡੇਰਾ ਲਾਯਾ, ਹਰ ਦੀ ਆਸ ਪੁਜਾਈ ।
ਪ੍ਰੀਤਮ-ਦਰਸ ਜੋ ਵੇਖਣ ਆਯਾ, ਉਸਦੀ ਤੇਹ ਬੁਝਾਈ ।

ਸਿਦਕਵਾਨਾਂ ਦੇ ਬੇੜੇ ਰੁੜ੍ਹਦੇ ਫੜਕੇ ਬੰਨੇ ਲਾਏ ।
ਦੁਖ-ਭੰਜਨੀ ਦੇ ਸੋਮੇ ਅੰਦਰ ਕੋੜ੍ਹੀ ਤਾਰ ਵਿਖਾਏ ।


੩੯.