ਪੰਨਾ:ਨੂਰੀ ਦਰਸ਼ਨ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਵੱਖੋ ਵੱਖਰੇ ਜ਼ੁਲਮ ਦੇ ਸਫ਼ੇ ਉੱਤੇ,
ਸ਼ਾਂਤਮਈ ਤਸਵੀਰ ਵਿਖਾਉਣ ਲੱਗੇ,
ਮੇਰੇ ਸਾਮ੍ਹਣੇ ਆਣ ਕੇ ਤੱਤ ਚਾਰੇ,
ਪੰਜਵੇਂ ਗੁਰੂ ਦਾ ਹਾਲ ਸੁਣਾਉਣ ਲੱਗੇ ।

ਬੋਲੀ 'ਰੇਤ' ਕਿ :-"ਮੈਂ ਹਾਂ ਉਹ ਮਿੱਟੀ,
ਅਰਜਨ ਜੀਉ ਦੀ ਟਹਿਲ ਕਮਾਉਣ ਵਾਲੀ ।
ਦੱਬੇ ਕੱਢ ਕੇ ਤਪੀ ਸੰਤੋਖ ਸਰ 'ਚੋਂ,
ਗੁਰੂ ਸਾਹਿਬ ਤੋਂ ਮੁਕਤੀ ਦਿਵਾਉਣ ਵਾਲੀ ।
ਬਾਬੇ ਬੁਢੇ ਦੀ ਟੋਕਰੀ ਵਿੱਚ ਪੈ ਕੇ,
ਖ਼ਾਨ ਜਿਹਾਂ ਦੀ ਮਰਜ਼ ਗਵਾਉਣ ਵਾਲੀ ।
ਆਖਾਂ ਕਿਸ ਤਰ੍ਹਾਂ ਜੀਭ ਨਾ ਆਖ ਸੱਕੇ,
ਮੈਂ ਉਹ ਦੇਗ਼ ਤੇ ਲੋਹ ਨੂੰ ਚਾਉਣ ਵਾਲੀ ।

ਪਰ ਜੇ ਹੁਕਮ ਦੀ ਬੱਧੀ ਮੈਂ ਨਾ ਹੁੰਦੀ,
ਤਾਂ ਤੇ ਆਪਣੇ ਹੱਥ ਵਿਖਾ ਦਿੰਦੀ ।
ਖੱਡਾਂ ਹੁੰਦੀਆਂ ਰੰਗ ਮਹੱਲ ਉੱਚੇ,
ਸਾਰੇ ਸ਼ਹਿਰ ਦਾ ਥੇਹ ਬਣਾ ਦਿੰਦੀ ।"

ਸੁਣਕੇ 'ਤੁਬਕੇ' ਦੇ ਜਿਗਰ ਵਿੱਚ ਲਹਿਰ ਉੱਠੀ,
ਕੰਬ ਕੰਬ ਕੇ ਹੂੰਝ ਵਗਾ ਦਿੱਤੇ ।
ਕਹਿਣ ਲੱਗਾ, 'ਮੈਂ ਅੰਮ੍ਰਿਤ ਦੇ ਜਹੇ ਸੋਮੇ,
ਬਰਕਤ ਗੁਰੂ ਦੀ ਨਾਲ ਚਲਾ ਦਿੱਤੇ ।
ਦੁੱਖ-ਭੰਜਨੀ ਅਜੇ ਗਵਾਹ ਮੇਰੀ,
ਜਿੱਥੇ ਪਿੰਗਲੇ ਸੁਖੀ ਬਣਾ ਦਿੱਤੇ ।
ਕਦੀ ਕੋੜ੍ਹਿਆਂ ਰੁੜ੍ਹਦਿਆਂ ਜਾਂਦਿਆਂ ਨੂੰ,
ਤਰਨ, ਤਾਰਨ ਦੇ ਵੱਲ ਸਿਖਾ ਦਿੱਤੇ ।

ਕਰਦਾ ਕੀ, ਮੈਂ ਕਦੀ ਜੇ ਇਕ ਵਾਰੀ,
ਸ਼ਾਂਤ-ਪੁੰਜ ਦਾ ਮੈਨੂੰ ਫ਼ਰਮਾਨ ਹੁੰਦਾ ।'

੪੨.