ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਗ ਲਿਆ।

ਇਕ ਦਿਨ ਕੈਦੋ ਫਕੀਰ ਦੇ ਭੇਖ ਵਿਚ ਬੇਲੇ ਵਿਚ ਪੁਜਿਆ। ਰਾਂਝਾ ਚੂਰੀ ਖਾਂਦਾ ਪਿਆ ਸੀ। ਹੀਰ ਪਸ਼ੂਆਂ ਦਾ ਮੋੜਾ ਲਾਣ ਗਈ ਹੋਈ ਸੀ, ਕੈਦੋ ਰਾਂਝੇ ਪਾਸ ਪੁਜਿਆ ਤੇ ਲੱਗਾ ਚੂਰੀ ਲਈ ਲੇਲੜੀਆਂ ਕਢਣ। ਰਾਂਝੇ ਨੂੰ ਫਕੀਰ ਤੇ ਦਿਆ ਆ ਗਈ। ਉਹਨੇ ਇਕ ਲਪ ਚੂਰੀ ਦੀ ਫਕੀਰ ਦੀ ਚਿੱਪੀ ਪਾ ਦਿੱਤੀ। ਕੈਦੋ ਤੇਜ਼ ਕਦਮੀਂ ਉਥੋਂ ਖਿਸਕ ਪਿਆ। ਹੀਰ ਵਾਪਸ ਆਈ ਉਹ ਨੂੰ ਜਦੋਂ ਫਕੀਰ ਦੇ ਚੂਰੀ ਲਜਾਣ ਦਾ ਪਤਾ ਲੱਗਾ ਉਹ ਦਾ ਮਥਾ ਠਣਕਿਆ, ਉਹ ਉਸੇ ਵੇਲੇ ਫਕੀਰ ਦੇ ਮਗਰ ਨ ਟੁਰੀ। ਉਸ ਨੱਸੇ ਜਾਂਦੇ ਕੈਦੋ ਨੂੰ ਜਾ ਫੜਿਆ ਤੇ ਲੱਗੀ ਮੁੱਕੀਆਂ ਘਸੁੰਨਾਂ ਨਾਲ ਉਹ ਦੀ ਮੁਰੰਮਤ ਕਰਨ। ਚਿੱਪੀ ਫੁਟਕੇ ਚੂਰੀ ਧਰਤੀ ਉੱਤੇ ਖਿਲਰ ਗਈ। ਮਿਨਤਾਂ ਤਰਲੇ ਕਰਕੇ ਕੈਦੋ ਨੇ ਹੀਰ ਪਾਸੋਂ ਅਪਦੀ ਜਾਨ ਛੁਡਾ ਲਈ। ਹੀਰ ਵਾਪਸ ਰਾਂਝੇ ਕੋਲ ਪਰਤ ਆਈ ਤੇ ਕੈਦੋ ਨੇ ਮਗਰੋਂ ਮਿੱਟੀ ਵਿਚ ਰਲੇ ਹੋਏ ਚੂਰੀ ਦੇ ਭੋਰੇ ਕੱਠੇ ਕਰ ਲਏ ਤੇ ਪਿੰਡ ਆਕੇ ਚੂਚਕ ਦੇ ਅੱਗੇ ਰੱਖ ਕੇ ਬੋਲਿਆ, “ਇਹ ਹੈ ਤੇਰੀ ਲਾਡਲੀ ਦੀ ਕਰਤੂਤ। ਉਹ ਰੋਜ਼ ਧਗੜੇ ਨੂੰ ਬੇਲੇ ਵਿਚ ਚੂਰੀ ਲਜਾਕੇ ਖਲਾਂਦੀ ਏ। ਉਹ ਨੇ ਤਾਂ ਸਾਡੇ ਖਾਨਦਾਨ ਦਾ ਨੱਕ ਵਢਕੇ ਰਖ ਦਿੱਤੇ।

ਚੂਚਕ ਦੇ ਸਿਰ ਸੌ ਘੜਾ ਪਾਣੀ ਦਾ ਪੈ ਗਿਆ।

ਉਨ੍ਹਾਂ ਰਾਂਝੇ ਨੂੰ ਜਵਾਬ ਦੇ ਦੱਤਾ। ਰਾਂਝਾ ਮਸੀਤੇ ਜਾ ਸੁੱਤਾ। ਪਰ ਦੂਜੀ ਭਲਕ ਮੱਝਾਂ ਗਾਈਆਂ ਨੇ ਬਿਨਾਂ ਰਾਂਝੇ ਤੋਂ ਇਕ ਵੀ ਕਦਮ ਅਗਾਂਹ ਪੁਟਣੋਂ ਇਨਕਾਰ ਕਰ ਦਿੱਤਾ। ਹਾਰਕੇ ਉਹ ਰਾਂਝੇ ਨੂੰ ਪੁਕਾਰ ਕੇ ਮੋੜ ਲਿਆਏ। ਰਾਂਝੇ ਵੰਝਲੀ ਵਿਚ ਫੂਕ ਮਾਰੀ, ਵਗ ਉਹ ਦੇ ਅੱਗੇ ਅੱਗੇ ਬੇਲੇ ਨੂੰ ਟੁਰ ਪਿਆ।

ਹੀਰ ਦਾ ਬੇਲੇ ਵਿਚ ਜਾਣਾ ਬੰਦ ਹੋ ਗਿਆ। ਹੁਣ ਉਹ ਚੋਰੀ ਛਿਪੇ ਮਿਲਦੇ। ਮਾਂ ਨੇ ਹੀਰ ਨੂੰ ਬਥੇਰਾ ਹੋੜਿਆ ਕਿ ਉਹ ਰਾਂਝੇ ਦਾ ਖਹਿੜਾ ਛਡ ਦੇਵੇ। ਪਰ ਹੀਰ ਨੇ ਉਹਦੀ ਇਕ ਨਾ ਮੰਨੀ:

19