ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ। ਜੋਗੀ ਦਾ ਰੰਗ ਰੂਪ ਵੇਖ ਸਾਰੀਆਂ ਨੇ ਠੰਡੇ ਹੌਕੇ ਭਰੇ। ਲੁਗ ਲੁਗ ਕਰਦਾ ਜੋਗੀ ਦਾ ਸਰੀਰ ਲਪਟਾਂ ਛੱਡ ਰਿਹਾ ਸੀ। ਕਈਆਂ ਦੇ ਕਾਲਜੇ ਧਰੂਹੇ ਗਏ। ਕਈਆਂ ਨੇ ਇਕ ਦੂਜੀ ਦੀਆਂ ਵੱਖੀਆਂ ਵਿਚ ਚੂੰਢੀਆਂ ਭਰ ਲਈਆਂ। ਇਨ੍ਹਾਂ ਵਿਚਕਾਰ ਹੀਰ ਦੀ ਨਨਾਣ ਸਹਿਤੀ ਵੀ ਸੀ। ਉਹਨੇ ਅਪਣੀ ਭਾਬੋ ਕੋਲ ਪਿੰਡ ਵਿਚ ਆਏ ਇਸ ਨਵੇਂ ਜੋਗੀ ਦੀ ਚਰਚਾ ਕੀਤੀ। ਹੀਰ ਦਾ ਦਿਲ ਧੜਕਣ ਲਗ ਪਿਆ। ਖੌਰੇ ਰਾਂਝਾ ਈ ਜੋਗੀ ਦਾ ਭੇਖ ਧਾਰ ਕੇ ਆ ਗਿਆ ਹੋਵੇ, ਉਸ ਸੋਚਿਆ। ਰਾਂਝੇ ਲਈ ਉਹਦਾ ਲੂੰ ਲੂੰ ਤੜਪਦਾ ਪਿਆ ਸੀ।

ਰਾਂਝੇ ਨੇ ਹੀਰ ਦੇ ਦਰਾਂ ਅੱਗੇ ਜਾ ਅਲਖ ਜਗਾਈ। ਸਹਿਤੀ ਉਹਨੂੰ ਲਗੀ ਟਿਚਰਾਂ ਕਰਨ। ਅੰਦਰ ਖੜੀ ਹੀਰ ਉਨ੍ਹਾਂ ਦੀਆਂ ਝੜਪਾਂ ਸੁਣ ਰਹੀ ਸੀ। ਉਹ ਤਾਂ ਕਿਸੇ ਬਹਾਨੇ ਏਸ ਰੰਗੀਲੇ ਜੋਗੀ ਦਾ ਪਿਆਰਾ ਮੁਖੜਾ ਵੇਖਣਾਂ ਚਾਹੁੰਦੀ ਸੀ।

"ਜੋਗੀਆ ਤੈਨੂੰ ਤਾਂ ਮੰਨਦੀਆਂ ਜੇ ਤੂੰ ਇਹ ਦਸ ਦੇਵੇਂ ਕਿ ਮੇਰੀ ਭਾਬੋ ਨੂੰ ਕਿਹੜਾ ਰੋਗ ਚਿੰਬੜਿਆ ਹੋਇਐ?" ਸਹਿਤੀ ਜੋਗੀ ਦੀ ਪ੍ਰੀਖਿਆ ਲੈ ਰਹੀ ਸੀ।

ਜੋਗੀ ਨੇ ਹੀਰ ਰਾਂਝੇ ਦੇ ਮੁਹੱਬਤ ਦੁਹਰਾ ਦਿੱਤੀ। ਸਹਿਤੀ ਇਹ ਸੁਣ ਜੋਗੀ ਦੇ ਪੈਰੀਂ ਜਾ ਡਿੱਗੀ ਤੇ ਲੱਗੀ ਆਪਣੀਆਂ ਮਾੜੀਆਂ ਚੰਗੀਆਂ ਕਹੀਆਂ ਦੀ ਭੁੱਲ ਬਖਸ਼ਾਣ! ਜੋਗੀ ਨੇ ਅਸੀਸ ਦਿੱਤੀ, "ਸਹਿਤੀਏ ਮੁਰਾਦ ਪਾਵੇਂਗੀ!" ਮੁਰਾਦ ਸਹਿਤੀ ਦਾ ਪ੍ਰੇਮੀ ਸੀ। ਹੁਣ ਸਹਿਤੀ ਦਾ ਵਿਸ਼ਵਾਸ਼ ਜੋਗੀ ਲਈ ਹੋਰ ਵੀ ਪੱਕਾ ਹੋ ਗਿਆ। ਉਹ ਨਸਕੇ ਅੰਦਰੋਂ ਚੀਣੇ ਦਾ ਥਾਲ ਭਰ ਲਿਆਈ! ਜਦੋਂ ਉਹ ਚੀਣਾ ਪਾਣ ਲੱਗੀ ਤਾਂ ਜੋਗੀ ਨੇ ਅਪਣੇ ਹੱਥੋਂ ਜਾਣ ਬੁਝਕੇ ਚਿੱਪੀ ਛੱਡ ਦਿੱਤੀ ਤੇ ਸਾਰਾ ਚੀਣਾ ਧਰਤੀ ਉੱਤੇ ਖਿਲਰ ਗਿਆ। ਜੋਗੀ ਚੀਣਾ ਚੁਗਣ ਲਈ ਬੈਠ ਗਿਆ। ਜਦੋਂ ਸਹਿਤੀ ਅੰਦਰ ਚਲੀ ਗਈ ਤਾਂ ਹੀਰ ਨੇ ਦਰਵਾਜ਼ੇ ਦੇ ਨੇੜੇ ਹੋ ਕੇ ਆਖਿਆ, “ਰਾਂਝਿਆਂ, ਮੇਰੇ ਲਈ ਅਜ ਚੰਦ ਚੜ੍ਹ ਪਿਐ।"

24